ਪੱਤਰ ਪ੍ਰੇਰਕ
ਘਨੌਰ, 3 ਦਸੰਬਰ
ਕਸਬਾ ਘਨੌਰ ਵਾਸੀਆਂ ਨੂੰ ਸ਼ਹਿਰੀ ਤਰਜ ’ਤੇ ਸੀਵਰੇਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੀਬ ਸੱਤ ਸਾਲ ਪਹਿਲਾ ਕਰੋੜਾਂ ਰੁਪਏ ਦੇ ਖਰਚੇ ਨਾਲ ਵਿਛਾਈ ਗਈ ਸੀਵਰੇਜ ਲਾਈਨ ਥਾਂ-ਥਾਂ ਤੋਂ ਲੀਕ ਹੋਣ ਕਾਰਨ ਲੋਕਾਂ ਦੇ ਰਿਹਾਇਸ਼ੀ ਘਰਾਂ ਵਿੱਚ ਆਈਆਂ ਤਰੇੜਾਂ ਘਨੌਰ ਵਾਸੀਆਂ ਲਈ ਜਾਨ ਦਾ ਖੌਅ ਬਣ ਗਈਆਂ ਹਨ। ਕਸਬਾ ਘਨੌਰ ਵਾਸੀ ਅਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਵਿੱਕੀ, ਸੁਨੀਲ ਕੁਮਾਰ, ਰਾਜ ਕੌਰ, ਸੁਰਿੰਦਰ ਕੌਰ, ਨਛੱਤਰ ਕੌਰ ਅਤੇ ਰਾਜ ਕੌਰ ਸਮੇਤ ਹੋਰਨਾਂ ਨੇ ਦੱਸਿਆ ਕਿ ਕਰੀਬ ਸੱਤ ਸਾਲ ਪਹਿਲਾਂ ਸਰਕਾਰ ਦੁਆਰਾ ਉਨ੍ਹਾਂ ਦੀ ਅਬਾਦੀ ਵਾਲੀ ਗਲੀਆਂ ਵਿੱਚ ਸੀਵਰੇਜ ਲਾਈਨ ਪਾਈ ਗਈ ਸੀ। ਵਿਕਾਸ ਵਿੱਕੀ ਨੇ ਦੱਸਿਆ ਕਿ ਇਹ ਸੀਵਰੇਜ ਪਾਈਪ ਲਾਈਨ ਵਿਛਾਉਣ ਲਈ ਵਰਤੇ ਗਏ ਤੰਗ ਹੋਲ ਵਾਲੇ ਪਾਈਪ, ਵਰਤੀ ਗਈ ਘਟੀਆ ਸਮੱਗਰੀ ਅਤੇ ਹੋਦੀਆਂ ਦਾ ਛੋਟੀਆਂ ਹੋਣ ਕਾਰਨ ਸੀਵਰੇਜ ਦੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਅਤੇ ਪਾਈਪ ਲਾਈਨ ਤੇ ਹੋਦੀਆਂ ਥਾਂ ਥਾਂ ਤੋਂ ਲੀਕ ਹੋ ਕੇ ਲੋਕਾਂ ਦੇ ਰਿਹਾਇਸ਼ੀ ਘਰਾਂ ਵਿੱਚ ਤਰੇੜਾਂ ਆ ਰਹੀਆਂ ਹਨ। ਜਿਹੜੀ ਕਿ ਲੋਕਾਂ ਲਈ ਜਾਨ ਦਾ ਖੌਅ ਬਣ ਗਈਆਂ ਹਨ। ਕਸਬਾ ਘਨੌਰ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਸਬੇ ਅੰਦਰ ਸੀਵਰੇਜ ਦਾ ਗੈਰਮਿਆਰੀ ਕੰਮ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਕੇ ਮੁੜ ਤੋਂ ਸੀਵਰੇਜ ਦੇ ਜ਼ਿਆਦਾ ਪਾਣੀ ਦੀ ਸਮਰੱਥਾ ਵਾਲੀ ਪਾਈਪ ਲਾਈਨ ਪਾਈ ਜਾਵੇ। ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਪਿੰਦਾ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ। ਸੀਵਰੇਜ ਪਾਣੀ ਦੀ ਢੁਕਵੀਂ ਨਿਕਾਸੀ ਲਈ ਘਨੌਰ ਹਸਪਤਾਲ ਤੋਂ ਪਿੰਡ ਮਹਿਦੂਦਾਂ ਨੇੜਿਓ ਲੰਘਦੇ ਪੰਝੀਦਰਾ ਗੰਦਾ ਨਾਲਾ ਤੱਕ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਵੱਡੀ ਪਾਈਪ ਲਾਈਨ ਵਿਛਾਈ ਜਾ ਰਹੀ ਹੈ।