ਪੱਤਰ ਪ੍ਰੇਰਕ
ਘਨੌਰ, 20 ਅਗਸਤ
ਇਸ ਖੇਤਰ ਵਿੱਚੋਂ ਗੁਜ਼ਰਦੇ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਪੈਂਦੇ ਸ਼ੰਭੂ ਰੇਲਵੇ ਸਟੇਸ਼ਨ ਲਾਗੇ ਸ਼ੰਭੂ-ਘਨੌਰ ਰੋਡ ਵਾਲੇ ਰੇਲਵੇ ਫਾਟਕ ਉਪਰੋਂ 17 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਫਲਾਈਓਵਰ ਦਾ ਉਦਘਾਟਨ ਹੋਣ ਤੋਂ 10 ਸਾਲ ਬਾਅਦ ਵੀ ਇਸ ’ਤੇ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਈਆਂ ਸੋਡੀਅਮ ਲਾਈਟਾਂ ਨੂੰ ਬਿਜਲੀ ਕੁਨੈਕਸ਼ਨ ਨਾ ਮਿਲਣ ਕਾਰਨ ਰਾਤ ਦੇ ਹਨ੍ਹੇਰੇ ਵਿੱਚ ਫਲਾਈਓਵਰ ਤੋਂ ਲੰਘਣਾ ਰਾਹਗੀਰਾਂ ਲਈ ਜਾਨ ਦਾ ਖੌਅ ਬਣ ਗਿਆ ਹੈ। ਜਾਣਕਾਰੀ ਮੁਤਾਬਕ ਦਿੱਲੀ- ਅੰਮ੍ਰਿਤਸਰ ਜੀ.ਟੀ ਰੋਡ (ਸ਼ੇਰਸ਼ਾਹ ਸੂਰੀ ਮਾਰਗ) ’ਤੇ ਪੈਂਦੇ ਸ਼ੰਭੂ ਬੱਸ ਸਟੈਂਡ ਤੋਂ ਪਟਿਆਲਾ ਵਾਇਆ ਘਨੌਰ ਵਾਲੀ ਰੋਡ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲਵੇ ਫਾਟਕ ਰਾਹੀਂ ਲੰਘਦੇ ਵਾਹਨਾਂ ਦੀ ਬਹੁਤਾਤ ਦੇ ਮੱਦੇਨਜ਼ਰ ਲੋਕ ਨਿਰਮਾਣ ਵਿਭਾਗ ਵੱਲੋਂ ਰੇਲਵੇ ਵਿਭਾਗ ਦੇ ਸਹਿਯੋਗ ਨਾਲ ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਸੜਕੀ ਫਾਟਕ ਬੰਦ ਕਰਕੇ ਉਪਰੋਕਤ ਸੜਕ ’ਤੇ ਕਰੀਬ 850 ਮੀਟਰ ਲੰਮੇ ਫਲਾਈਓਵਰ ਦੀ ਉਸਾਰੀ ਕਰਵਾਈ ਗਈ ਸੀ। ਜਿਸ ਦਾ ਉਦਘਾਟਨ 6 ਅਗਸਤ 2012 ਨੂੰ ਰਾਜ ਦੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ ਪ੍ਰੰਤੂ ਰਾਜ ਵਿੱਚ ਸਰਪਲੱਸ ਬਿਜਲੀ ਹੋਣ ਦੇ ਦਾਅਵਿਆਂ ਤੋਂ ਉਲਟ ਇਸ ਫਲਾਈ ਓਵਰ ’ਤੇ ਰੌਸ਼ਨੀ ਲਈ ਲੱਖਾਂ ਰੁਪਏ ਦੇ ਖਰਚੇ ਨਾਲ ਦੋਵੇਂ ਪਾਸੇ ਲਗਾਈਆਂ ਕਰੀਬ ਪੰਜ ਦਰਜਨ ਸੋਡੀਅਮ ਲਾਈਟਾਂ ਨੂੰ 10 ਸਾਲਾਂ ਬਾਅਦ ਵੀ ਬਿਜਲੀ ਕੁਨੈਕਸ਼ਨ ਨਾ ਹੋਣਾ ਵਿਭਾਗ ਦੀ ਕਾਰਗੁਜਾਰੀ ’ਤੇ ਕਈ ਸਵਾਲ ਖੜੇ ਕਰਦਾ ਹੈ। ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਪਿਊਸ਼ ਅਗਰਵਾਲ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਇਹ ਲਾਈਟਾਂ ਸਾਂਭ ਸੰਭਾਲ ਲਈ ਪੰਚਾਇਤੀ ਰਾਜ ਦੇ ਸਪੁਰਦ ਕਰ ਦਿੱਤੀਆ ਗਈਆ ਹਨ। ਜਦੋਂ ਕਿ ਬੀ.ਡੀ.ਪੀ.ਓ ਸ਼ੰਭੂ ਕਲਾਂ ਜਸਵਿੰਦਰ ਸਿੰਘ ਬੱਗਾ ਦਾ ਕਹਿਣਾ ਹੈ ਕਿ ਫਲਾਈ ਓਵਰ ਦੀਆਂ ਲਾਈਟਾਂ ਨੂੰ ਬਿਜਲੀ ਕੁਨੈਕਸ਼ਨ ਨਾ ਹੋਣ ਸਬੰਧੀ ਕਾਰਨ ਦਾ ਪਤਾ ਲਗਾ ਕੇ ਲਾਈਟਾਂ ਜਗਦੀਆਂ ਕੀਤੀਆ ਜਾਣਗੀਆ।