ਮੁੱਖ ਅੰਸ਼
- ਮਾਹਿਰਾਂ ਨੂੰ ਰਹਿੰਦੇ ਕੰਮ ’ਤੇ ਦੋ ਕਰੋੜ ਰੁਪਏ ਹੋਰ ਲੱਗਣ ਦਾ ਅਨੁਮਾਨ
- 15 ਮਈ ਤਕ ਕੰਮ ਮੁਕੰਮਲ ਹੋਣ ਦੀ ਸੰਭਾਵਨਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਅਤੇ ਪਟਿਆਲਾ ਰਿਆਸਤ ਦੇ ਮਹਾਰਾਜਿਆਂ ਦੀਆਂ ਪ੍ਰਾਪਤੀਆਂ ਪ੍ਰਦਰਸ਼ਿਤ ਕਰਨ ਲਈ ਫੁਹਾਰਾ ਚੌਕ ਨਜ਼ਦੀਕ ਮਹਿੰਦਰਾ ਕੋਠੀ ਨੂੰ ਕਰੀਬ 12 ਕਰੋੜ ਰੁਪਏ ਦੀ ਲਾਗਤ ਨਾਲ ਸ਼ਿੰਗਾਰਿਆ ਜਾ ਰਿਹਾ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਮੁੱਖ ਮੰਤਰੀ ਹੁੰਦਿਆਂ ਕੀਤੀ ਗਈ ਸੀ।
ਮਹਾਰਾਜਾ ਭੁਪਿੰਦਰ ਸਿੰਘ ਦੇ ਦਾਦਾ ਮਹਾਰਾਜਾ ਮਹਿੰਦਰ ਸਿੰਘ (1862-1876) ਦੇ ਨਾਮ ’ਤੇ ਕੁੱਲ 5 ਏਕੜ ਦੇ ਘੇਰੇ ਵਿਚ 3 ਕਨਾਲ ਵਿਚ ਬਣੀ ਇਸ ਮਹਿੰਦਰਾ ਕੋਠੀ ਵਿਚ ਮਹਾਰਾਜਾ ਭੁਪਿੰਦਰ ਸਿੰਘ (1900-1938) ਤੋਂ ਇਲਾਵਾ ਕਾਫ਼ੀ ਸਮਾਂ ਮਹਾਰਾਜਾ ਯਾਦਵਿੰਦਰ ਸਿੰਘ (1938-1974) ਵੀ ਰਹੇ ਹਨ, ਰਿਆਸਤਾਂ ਖ਼ਤਮ ਹੋਣ ਤੋਂ ਬਾਅਦ ਇਹ ਕੋਠੀ ਰਾਜ ਸਰਕਾਰ ਦੇ ਹਵਾਲੇ ਕੀਤੀ ਗਈ। ਉਸ ਤੋਂ ਬਾਅਦ ਇੱਥੇ ਪੀਡਬਲਿਊਡੀ ਦਾ ਸੂਬਾ ਪੱਧਰੀ ਦਫ਼ਤਰ ਰਿਹਾ, ਫਿਰ ਲਾਅ ਯੂਨੀਵਰਸਿਟੀ ਦਾ ਕੈਂਪਸ ਵੀ ਰਿਹਾ ਹੈ। ਹੁਣ ਇਸ ਮਹਿੰਦਰਾ ਕੋਠੀ ’ਚ ਪਟਿਆਲਾ ਰਿਆਸਤ ਦੇ ਮਹਾਰਾਜਿਆਂ ਦੇ ਮੈਡਲ, ਹਥਿਆਰ ਅਤੇ ਸਿੱਕੇ ਪ੍ਰਦਰਸ਼ਿਤ ਕੀਤੇ ਜਾਣਗੇ। ਇੱਥੇ ਵਿਸ਼ੇਸ਼ ਕਰਕੇ ਮਹਾਰਾਜਾ ਭੁਪਿੰਦਰ ਸਿੰਘ ਦੇ ਮੈਡਲ, ਸਿੱਕੇ, ਹਥਿਆਰ ਵੀ ਪ੍ਰਦਰਸ਼ਿਤ ਕੀਤੇ ਜਾਣਗੇ। ਸਰਕਾਰੀ ਸੂਤਰਾਂ ਅਨੁਸਾਰ ਇਸ ਦਾ ਕੰਮ 2019 ਵਿਚ ਸ਼ੁਰੂ ਕੀਤਾ ਸੀ, ਜਿਸ ਨੇ ਡੇਢ ਸਾਲ ਵਿਚ ਪੂਰਾ ਹੋਣਾ ਸੀ। ਪਰ ਇਹ ਕੰਮ ਅਜੇ ਵੀ ਪੂਰਾ ਹੋਣ ਦਾ ਨਾਮ ਨਹੀਂ ਲੈ ਰਿਹਾ, ਮਹਿੰਦਰਾ ਕੋਠੀ ਦੀ ਮੁਰੰਮਤ ਲਈ 4 ਕਰੋੜ ਰੁਪਏ ਖ਼ਰਚੇ ਦਰਸਾਏ ਗਏ ਹਨ, ਜਦ ਕਿ ਅੰਦਰ ਡਿਸਪਲੇ ਆਦਿ ’ਤੇ 6.24 ਕਰੋੜ ਰੁਪਏ ਖ਼ਰਚੇ ਦਰਸਾਏ ਗਏ ਹਨ, ਅਜੇ ਵੀ ਡਿਸਪਲੇ ਤੇ ਹਥਿਆਰਾਂ, ਮੈਡਲਾਂ, ਸਿੱਕਿਆਂ ਦਾ ਇਤਿਹਾਸ ਦਰਸਾਉਣ ਲਈ ਬਣਨ ਵਾਲੇ ਬੋਰਡਾਂ ਦਾ ਖਰਚਾ ਬਕਾਇਆ ਹੈ, ਮਹਾਰਾਜਿਆਂ ਦੇ ਹਥਿਆਰ ਕਿਵੇਂ ਸਜਾਉਣੇ ਹਨ, ਇਸ ਬਾਰੇ ਮਾਹਿਰਾਂ ਦੀ ਲੋੜ ਹੈ, ਦੋ ਕਰੋੜ ਦੇ ਕਰੀਬ ਹੋਰ ਖ਼ਰਚੇ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਦਾ ਕੰਮ ਕਰਵਾ ਰਹੇ ਪੰਜਾਬ ਸੈਰ-ਸਪਾਟਾ ਤੇ ਸਭਿਆਚਾਰ ਵਿਭਾਗ ਦੇ ਐਕਸੀਅਨ ਕਰਮਜੀਤ ਸਿੰਘ ਕਹਿੰਦੇ ਹਨ ਕਿ ਲੌਕਡਾਊਨ ਕਰਕੇ ਕੰਮ ਵਿਚ ਦੇਰੀ ਹੋਈ ਹੈ। ਸਾਨੂੰ ਆਸ ਹੈ ਕਿ ਇਸ ਦਾ ਕੰਮ ਹੁਣ 15 ਮਈ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਥਿਆਰ ਸਜਾਉਣ ਵਾਲਾ ਮਾਹਿਰ ਸਾਨੂੰ ਮਿਲ ਨਹੀਂ ਰਿਹਾ, ਬੇਸ਼ੱਕ ਹਥਿਆਰਾਂ ਨੂੰ ਸਾਫ਼ ਕਰਨ ਵਾਲੀ ਔਰਤ ਸਾਡੇ ਸੰਪਰਕ ਵਿਚ ਹੈ ਪਰ ਉਹ ਰੁਪਏ ਬਹੁਤ ਮੰਗ ਰਹੀ ਹੈ। ਇਸ ਵਿਸ਼ਾਲ ਕੋਠੀ ਵਿਚ ਲੱਗੇ ਮੈਡਲ ਆਦਿ ਬੜੇ ਲਾਜਵਾਬ ਹੋਣਗੇ।