ਪਟਿਆਲਾ: ਸ਼੍ਰੋਮਣੀ ਅਕਾਲੀ ਦਲ ‘ਬਾਦਲ’ ਵੱਲੋਂ ਪਟਿਆਲਾ ਸ਼ਹਿਰੀ ਹਲਕੇ ਲਈ ਨਵੇਂ ਚਿਹਰੇ ਤੇ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੂੰ ਕਾਂਗਰਸ ਦੇ ਸੰਭਾਵੀ ਉਮੀਦਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਮੈਦਾਨ ’ਚ ਉਤਾਰਨ ਦਾ ਸੰਕੇਤ ਦਿੱਤਾ ਹੈ। ਭਾਵੇਂ ਪਾਰਟੀ ਵੱਲੋਂ ਫ਼ਿਲਹਾਲ ਹਲਕੇ ਦੇ ‘ਮੁੱਖ ਸੇਵਾਦਾਰ’ ਵਜੋਂ ਹੀ ਐਲਾਨ ਕੀਤਾ ਗਿਆ ਹੈ, ਪਰ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਸੇਵਾਦਾਰਾਂ ਵਜੋਂ ਕੀਤੇ ਐਲਾਨ ਇੱਕ ਤਰ੍ਹਾਂ ਟਿਕਟਾਂ ਦੇਣ ਦਾ ਅਹਿਮ ਸੰਕੇਤ ਹਨ। ਦੱਸਣਯੋਗ ਹੈ ਕਿ ਅਕਾਲੀ ਦਲ ਵੱਲੋਂ ਜੁਨੇਜਾ ਪਰਿਵਾਰ ’ਤੇ ਦੂਜੀ ਵਾਰ ਸਿਆਸੀ ਯਕੀਨ ਕੀਤਾ ਹੈ। ਇਸ ਤੋਂ ਪਹਿਲਾਂ ਪਟਿਆਲਾ ਸ਼ਹਿਰੀ ਦੀ ਜ਼ਿਮਨੀ ਚੋਣ ਵੇਲੇ ਹਰਪਾਲ ਜੁਨੇਜਾ ਦੇ ਪਿਤਾ ਤੇ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਨੂੰ ਟਿਕਟ ਦਿੱਤੀ ਗਈ ਸੀ। ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਸੇਵਾਦਾਰ ਦਾ ਮਤਲਬ ਅਸਿੱਧੇ ਢੰਗ ਨਾਲ ਪਾਰਟੀ ਟਿਕਟ ਨਿਵਾਜ਼ੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ