ਸਰਬਜੀਤ ਸਿੰਘ ਭੰਗੂ
ਪਟਿਆਲਾ , 5 ਨਵੰਬਰ
ਝੋਨੇ ਦੀ ਢੁਕਵੀਂ ਖਰੀਦ ਨਾ ਹੋਣ ਅਤੇ ਡੀਏਪੀ ਦੀ ਤੋਟ ਦੇ ਮੱਦੇਨਜ਼ਰ ਅਕਾਲੀ ਦਲ ਬਾਦਲ ਵੱਲੋਂ ਅੱਜ ਤਹਿਸੀਲ ਪੱਧਰੀ ਧਰਨੇ ਦਿੱਤੇ ਗਏ। ਇਸ ਮੌਕੇ ਪਟਿਆਲਾ ਸਮੇਤ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ ਤੇ ਦੂਧਣਸਾਧਾਂ ਵਿੱਚ ਧਰਨੇ ਦਿੱਤੇ ਗਏ। ਧਰਨਿਆਂ ਦੌਰਾਨ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦੇ ਕੇ ਕਿਸਾਨੀ ਮੁਸ਼ਕਲਾਂ ਦੇ ਫੌਰੀ ਹੱਲ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪਰਾਲੀ ਫੂਕਣ ਦੇ ਦੋਸ਼ਾਂ ਹੇਠ ਦਰਜ ਸਾਰੇ ਕੇਸ ਰੱਦ ਕਰਨ ’ਤੇ ਦੀ ਵੀ ਮੰਗ ਕੀਤੀ ਗਈ। ਜ਼ਿਲ੍ਹਾ ਹੈੱਡਕੁਆਰਟਰ ਹੋਣ ਕਰਕੇ ਪਟਿਆਲਾ ਵਿਚਲਾ ਧਰਨਾ ਮਿਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਗਿਆ, ਜਿਸ ’ਚ ਹੀ ਡੀਸੀ ਦਫਤਰ ਵੀ ਮੌਜੂਦ ਹੈ। ਇਸ ਧਰਨੇ ’ਚ ਪਟਿਆਲਾ ਸ਼ਹਿਰੀ ਅਤੇ ਪਟਿਆਲਾ ਦਿਹਾਤੀ ’ਤੇ ਆਧਾਰਤ ਦੋ ਵਿਧਾਨ ਸਭਾਈ ਹਲਕਿਆਂ ਦੇ ਅਕਾਲੀ ਕਾਰਕੁਨਾ ਸਮੇਤ ਜ਼ਿਲ੍ਹੇ ਵਿਚਲੇ ਕਈ ਹੋਰ ਪ੍ਰਮੁੱਖ ਆਗੂਆਂ ਨੇ ਵੀ ਸ਼ਿਰਕਤ ਕੀਤੀ। ਨੀਲੀਆਂ ਪੀਲੀਆਂ ਪੱਗਾਂ ਵਾਲੀ ਇਸ ਇਕੱਤਰਤਾ ਨੇ ‘ਆਪ’ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਗਰਦਾਨਦਿਆਂ ਇਸ ਦੇ ਖਿਲਾਫ਼ ਸਿਆਪਾ ਕੀਤਾ।
ਪਟਿਆਲਾ ਵਿਚਲੇ ਧਰਨੇ ਵਿਚ ਹਲਕਾ ਇੰਚਾਰਜਾਂ ਬਿੱਟੂ ਚੱਠਾ ਤੇ ਅਮਰਿੰਦਰ ਬਜਾਜ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਲੰਗ ਤੇ ਸ਼ਹਿਰੀ ਪ੍ਰਧਾਨ ਕਰਨ ਸਾਹਨੀ ਸਮੇਤ ਹਰਬੰਸ ਲੰਗ, ਇੰਦਰਮੋਹਣ ਬਜਾਜ, ਕ੍ਰਿਸਨ ਸਨੌਰ, ਫੌਜਇੰਦਰ ਮੁਖਮੈਲਪੁਰ, ਸੁਖਵਿੰਦਰਪਾਲ ਮਿੰਟਾ, ਮਨਜੀਤ ਚਹਿਲ, ਮਾਲਵਿੰਦਰ ਮਾਲੀ, ਪਰਮਜੀਤ ਪੰਮਾ, ਗੁਰਵਿੰਦਰ ਸ਼ਕਤੀਮਾਨ, ਆਈਐਸ ਬਿੰਦਰਾ, ਸ਼ਾਮ ਸਿੰਘ ਅਬਲੋਵਾਲ, ਇਕਬਾਲ ਸਿਉਣਾ ਨੇ ਵੀ ਸ਼ਿਰਕਤ ਕੀਤੀ। ਏਡੀਸੀ ਵੱਲੋਂ ਮੰਗ ਪੱਤਰ ਹਾਸਲ ਕਰਨ ਮਗਰੋਂ ਧਰਨਾ ਸਮਾਪਤ ਹੋਇਆ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਇਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਹਲਕਾ ਪੱਧਰੀ ਰੋਸ ਧਰਨਾ ਦਿੱਤਾ ਗਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਜਿਹੇ ਨਾਕਸ ਪ੍ਰਬੰਧਾਂ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ ਵਿੱਚ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਰੋਸ ਧਰਨੇ ਨੂੰ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਇਕਬਾਲਜੀਤ ਸਿੰਘ ਪੂਨੀਆਂ, ਜ਼ਿਲ੍ਹਾ ਮਹਿਲਾ ਪ੍ਰਧਾਨ ਪਰਮਜੀਤ ਕੌਰ ਵਿਰਕ ਆਦਿ ਨੇ ਸੰਬੋਧਨ ਕੀਤਾ। ਸ੍ਰੀ ਗੋਲਡੀ ਨੇ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਫਸਲ ਦੀ ਖਰੀਦ ਦੇ ਅਜਿਹੇ ਮਾੜੇ ਪ੍ਰਬੰਧ ਪਹਿਲਾਂ ਕਦੇ ਵੀ ਨਹੀਂ ਹੋਏ। ਇਸ ਤੋਂ ਇਲਾਵਾ ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨ ਨੂੰ ਕਣਕ ਦੀ ਬਿਜਾਈ ਦਾ ਫ਼ਿਕਰ ਸਤਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਮੀ ਦੀ ਮਾਤਰਾ ਸਹੀ ਹੋਣ ਦੇ ਬਾਵਜੂਦ ਝੋਨਾ ਖਰੀਦਣ ਤੋਂ ਵੀ ਆਨਾ ਕਾਨੀ ਕੀਤੀ ਜਾ ਰਹੀ। ਉਨ੍ਹਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਸੂਬੇ ਵਿੱਚ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਦੀ ਹੋ ਰਹੀ ਬੇਕਦਰੀ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।
ਸਮਾਣਾ(ਸੁਭਾਸ਼ ਚੰਦਰ): ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੱਦੇ ’ਤੇ ਦਰਜਨਾ ਕਾਰਕੁਨਾਂ ਨੇ ਮੰਡੀਆਂ ਵਿੱਚ ਰੁਲ ਰਹੀ ਝੋਨੇ ਦੀ ਫਸਲ ਤੇ ਕਿਸਾਨਾਂ ਨੂੰ ਡੀਏਪੀ ਖਾਦ ਨਾ ਮਿਲਣ ਕਾਰਨ ਇਕ ਮੰਗ ਪੱਤਰ ਐੱਸਡੀਐੱਮ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ। ਇਸ ਮੌਕੇ ਅਮਰਜੀਤ ਸਿੰਘ ਪੰਜਰਥ ਨੇ ਪੰਜਾਬ ਤੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰਾਂ ਕਿਸਾਨਾਂ ਵਪਾਰੀਆਂ ਨੂੰ ਹੈਰਾਨ ਕਰ ਰਹੀਆਂ ਹਨ। ਇਸ ਕਰਕੇ ਹਰ ਵਰਗ ਪ੍ਰੇਸ਼ਾਨ ਹੈ।
ਕੇਂਦਰ ਤੇ ਸੂਬਾ ਸਰਕਾਰ ਨੇ ਮਿਲੀਭੁਗਤ ਕਰਕੇ ਝੋਨੇ ਦੀ ਖ਼ਰੀਦ ਦਾ ਸੰਕਟ ਖੜ੍ਹਾ ਕੀਤਾ: ਸ਼੍ਰੋਮਣੀ ਅਕਾਲੀ ਦਲ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਧਲੇਰ ਦੀ ਅਗਵਾਈ ਹੇਠ ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਅਤੇ ਡੀਏਪੀ ਖਾਦ ਦੀ ਘਾਟ ਅਤੇ ਕਾਲਾਬਾਜ਼ਾਰੀ ਖ਼ਿਲਾਫ਼ ਡੀਸੀ ਦਫ਼ਤਰ ਅੱਗੇ ਦੀ ਧਰਨਾ ਦੇ ਕੇ ਡੀਸੀ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਭੇਜਿਆ। ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ, ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਧਲੇਰ, ਮੁਹੰਮਦ ਜਮੀਲ, ਰਾਜਪਾਲ ਸਿੰਘ ਚੱਕ, ਸ਼ਫੀਕ ਚੌਹਾਨ, ਹਰਦੇਵ ਸਿੰਘ ਸੇਹਕੇ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਕਰਕੇ ਪੰਜਾਬ ’ਚ ਝੋਨੇ ਦੀ ਖ਼ਰੀਦ ਦਾ ਸੰਕਟ ਖੜ੍ਹਾ ਕੀਤਾ ਹੈ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ਦੀ ਕਿਸਾਨੀ ਨੂੰ ਕੰਗਾਲੀ ਅਤੇ ਤਬਾਹੀ ਵੱਲ ਧੱਕਿਆ ਜਾ ਰਿਹਾ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨ ਮੰਡੀਆਂ ’ਚ ਰੁਲ ਰਹੇ ਹਨ। ਵਿਕ ਚੁੱਕੇ ਝੋਨੇ ਦੀ ਚੁਕਾਈ ਦੇ ਮਾੜੇ ਪ੍ਰਬੰਧ ਕਾਰਨ ਮੰਡੀਆਂ ’ਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਕਿਸਾਨਾਂ ਨੂੰ ਮੰਡੀਆਂ ’ਚ ਝੋਨਾ ਢੇਰੀ ਕਰਨ ਲਈ ਥਾਂ ਨਹੀਂ ਮਿਲ ਰਹੀ। ਆਗੂਆਂ ਕਿਹਾ ਕਿ ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ। ਆਗੂਆਂ ਨੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਉਹ ਝੋਨੇ ਦੀ ਖ਼ਰੀਦ ਅਤੇ ਚੁਕਾਈ ਦੇ ਪ੍ਰਬੰਧਾਂ ਦੀ ਖ਼ੁਦ ਨਿਗਰਾਨੀ ਕਰਨ ਅਤੇ ਡੀਏਪੀ ਖਾਦ ਦੀ ਘਾਟ ਅਤੇ ਕਾਲਾਬਜ਼ਾਰੀ ਰੋਕਣ ਲਈ ਪੰਜਾਬ ਸਰਕਾਰ ਨੂੰ ਹਦਾਇਤ ਕਰਨ।
ਅਕਾਲੀਆਂ ਨੇ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ
ਰਾਜਪੁਰਾ(ਦਰਸ਼ਨ ਸਿੰਘ ਮਿੱਠਾ): ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਰਾਜਪੁਰਾ ਅਤੇ ਹਲਕਾ ਘਨੌਰ ਦੀ ਇਕਾਈ ਵੱਲੋਂ ਡੀਏਪੀ ਖਾਦ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਖਾਦ ਦੀ ਹੋ ਰਹੀ ਕਾਲਾਬਾਜ਼ਾਰੀ ਦੇ ਰੋਸ ਵਜੋਂ ਸੂਬਾ ਸਰਕਾਰ ਖ਼ਿਲਾਫ਼ ਮਿਨੀ ਸਕੱਤਰੇਤ ਰਾਜਪੁਰਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਰਣਜੀਤ ਸਿੰਘ ਸਿੱਧੂ ਅਤੇ ਸੁਰਜੀਤ ਸਿੰਘ ਗੜ੍ਹੀ ਕਰ ਰਹੇ ਸਨ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਅਤੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ ਭੁਗਤ ਅਤੇ ਡੂੰਘੀ ਸਾਜ਼ਿਸ਼ ਤਹਿਤ ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਵਿੱਚ ਵੱਡਾ ਸੰਕਟ ਖੜ੍ਹਾ ਕੀਤਾ ਗਿਆ ਹੈ।