ਅਸ਼ਵਨੀ ਗਰਗ
ਸਮਾਣਾ, 9 ਦਸੰਬਰ
ਪੰਜਾਬ ਦੇ ਲੋਕ ਨਿਰਮਾਣ ਤੇ ਪ੍ਰਬੰਧਕੀ ਸੁਧਾਰ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਇਥੇ ਭਾਖੜਾ ਨਹਿਰ ’ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 45 ਮੀਟਰ ਪੁਲ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਦੀ ਮੌਜੂਦਗੀ ’ਚ ਲੋਕ ਅਰਪਣ ਕੀਤਾ। ਇਸੇ ਮੌਕੇ ਉਨ੍ਹਾਂ ਨੇ 12.75 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸਮਾਣਾ ਬਾਈਪਾਸ, ਸ਼ਹਿਰ ਦੀ ਮੁੱਖ ਸੜਕ ਨੂੰ ਅਪਗ੍ਰੇਡ ਕਰਨ ਸਮੇਤ ਸਮਾਣਾ-ਪਟਿਆਲਾ ਰੋਡ ’ਤੇ ਫ਼ਤਹਿਪੁਰ ’ਚ ਸੜਕ ਦਾ ਵਿੰਗ ਕੱਢਣ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਇਸ ਦੌਰਾਨ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਪੰਜਾਬ ਸਰਕਾਰ ਨੇ ਸੂਬੇ ਦੇ ਬੁਨਿਆਦੀ ਢਾਂਚੇ ’ਚ ਵੱਡੇ ਸੁਧਾਰ ਕੀਤੇ ਹਨ, ਜਿਸ ਦਾ ਰਾਜ ਦੇ ਹਰ ਵਰਗ ਦੇ ਲੋਕਾਂ ਨੂੰ ਲਾਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਦੇ ਇਸ ਪੁਲ ਦੇ ਬਣਨ ਸਮੇਤ ਫਤਿਹਪੁਰ ਨੇੜੇ ਸੜਕ ਦਾ ਵਿੰਗ ਕੱਢੇ ਜਾਣ ਨਾਲ ਰਾਹਗੀਰਾਂਨੂੰ ਸੜਕ ਹਾਦਸਿਆਂ ਤੋਂ ਵੱਡੀ ਰਾਹਤ ਮਿਲੇਗੀ। ਸ੍ਰੀ ਸਿੰਗਲਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ’ਤੇ ਇਹ ਦਾਅਵਾ ਕਰਨ ਕਿ ਕਾਂਗਰਸ ਦੇ ਵੱਡੀ ਗਿਣਤੀ ਵਿਧਾਇਕ ਤੇ ਸੀਨੀਅਰ ਆਗੂ ਉਨ੍ਹਾਂ ਦੀ ਪਾਰਟੀ ’ਚ ਸ਼ਾਮਲ ਹੋਣ ਲਈ ਕਾਹਲੇ ਹਨ ਬਾਰੇ ਕਿਹਾ ਕਿ ਚੋਣਾਂ ਨੇੜੇ ਨਵੀਆਂ ਪਾਰਟੀਆਂ ਦਾ ਬਨਣਾ ਸੁਭਾਵਿਕ ਹੈ ਪਰ ਇਸ ਦਾ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ। ਅਰਵਿੰਦ ਕੇਜਰੀਵਾਲ ਬਾਰੇ ਉਨ੍ਹਾਂ ਕਿਹਾ ਕਿ ਇੱਕ ਪਾਸੇ ਦਿੱਲੀ ਦੀ ਕੇਜਰੀਵਾਲ ਸਰਕਾਰ ਹੈ, ਜਿਸ ਨੇ ਆਪਣੇ ਕੁਲ 1250 ਦੇ ਕਰੀਬ ਸਕੂਲਾਂ ’ਚੋਂ 400 ਦੇ ਕਰੀਬ ਸਕੂਲਾਂ ’ਚ ਕੁਝ ਸੁਧਾਰ ਕਰਕੇ ਇਨ੍ਹਾਂ ਦੇ ਪ੍ਰਚਾਰ 6 ਸੌ ਕਰੋੜ ਰੁਪਏ ਖ਼ਰਚ ਦਿੱਤੇ। ਜਦੋਂਕਿ ਪੰਜਾਬ ਸਰਕਾਰ ਨੇ ਰਾਜ ਦੇ 19 ਹਜ਼ਾਰ ਸਕੂਲਾਂ ’ਚੋਂ 13 ਹਜ਼ਾਰ ਸਕੂਲਾਂ ਦੀ ਨੁਹਾਰ ਬਦਲੀ ਤੇ ਸਿੱਖਿਆ ਦੇ ਖੇਤਰ ’ਚ ਦੇਸ਼ ’ਚੋਂ ਪਹਿਲੇ ਸਥਾਨ ’ਤੇ ਆਇਆ। ਇਸ ਮੌਕੇ ਸ੍ਰੀ ਸਿੰਗਲਾ ਨੇ ਪਰਿਵਾਰ ਸਣੇ ਸਵਰਗੀ ਪਿਤਾ ਸੰਤ ਰਾਮ ਸਿੰਗਲਾ ਦੇ 87ਵੇਂ ਜਨਮਦਿਨ ਮੌਕੇ ਉਨ੍ਹਾਂ ਦੀ ਪ੍ਰਤਿਮਾ ’ਤੇ ਫੁੱਲਮਾਲਾ ਚੜ੍ਹਾਈ। ਹਲਕਾ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਲੋਕ ਖੁਸ਼ ਹਨ।