ਸਰਕਾਰੀ ਸਕੂਲਾਂਦੇ ਬੱਚਿਆਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਟਰੱਸਟ ਦੇ ਸਹਿਯੋਗ ਨਾਲ ਕੀਤਾ ਉਪਰਾਲਾ:ਸਿੰਗਲਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਅਕਤੂਬਰ
ਅੱਜ ਇੱਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸੱਤਿਆ ਸਾਈ ਅੰਨਪੂਰਨਾ ਟਰੱਸਟ ਕਰਨਾਟਕਾ ਦੇ ਸਹਿਯੋਗ ਨਾਲ ਪਾਇਲਟ ਪ੍ਰਾਜੈਕਟ ਤਹਿਤ ਪੰਜਾਬ ਵਿੱਚ ਬਲਾਕ ਦੇ ਸਰਕਾਰੀ ਸਕੂਲਾਂ ਦੇ 1000 ਬੱਚਿਆਂ ਨੂੰ ਬਰੇਕਫਾਸਟ ਕਿੱਟਾਂ ਵੰਡ ਕੇ ਸ਼ੁਰੂਆਤ ਕੀਤੀ ਗਈ। ਸਿੰਗਲਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਲੋੜੀਂਦੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਜੋ ਇਸ ਬਰੇਕਫਾਸਟ ਕਿੱਟ ਰਾਹੀਂ ਬੱਚਿਆਂ ਨੂੰ ਪ੍ਰਾਪਤ ਹੋਣਗੇ। ਉਨ੍ਹਾਂ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਵਿੱਚ ਆਪਣੇ ਬਲਾਕ ਵਿੱਚ ਸ਼ੁਰੂ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਪੰਜਾਬ ਅੰਦਰ ਚਲਾਇਆ ਜਾਵੇਗਾ।
ਟਰੱਸਟ ਦੇ ਨੁਮਾਇੰਦੇ ਆਨੰਦ ਕੁਮਾਰ ਕੜਾਲੀ ਤੇ ਵਿਵੇਕ ਨੇ ਬਰੇਕਫਾਸਟ ਕਿੱਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਧਰਮਪਾਲ ਸਿੰਗਲਾ ਡੀਈਓ ਐਲੀਮੈਂਟਰੀ, ਅੰਮ੍ਰਿਤਪਾਲ ਸਿੰਘ ਸਿੱਧੂ ਜਿਲਾ ਸਿੱਖਿਆ ਅਫਸਰ ਸੈਕੰਡਰੀ ਸੰਗਰੂਰ, ਗੁਰਮੀਤ ਸਿੰਘ ਈਸਾਪੁਰ ਬੀਪੀਈਓ ਭਵਾਨੀਗੜ੍ਹ, ਸੱਤਪਾਲ ਬਲਾਸੀ,ਸੁਰਿੰਦਰ ਸਿੰਘ ਭਰੂਰ, ਕੁਲਦੀਪ ਸਿੰਘ ਸਾਰੋਂ, ਰਣਜੀਤ ਸਿੰਘ ਤੂਰ, ਵਰਿੰਦਰ ਕੁਮਾਰ ਪੰਨਵਾਂ, ਜਸਵੀਰ ਸਿੰਘ, ਸੁਖਮਹਿੰਦਰਪਾਲ ਸਿੰਘ ਤੂਰ, ਪਰਮਲ ਸਿੰਘ ਤੇਜੇ, ਬਲਵਿੰਦਰ ਸਿੰਘ ਪੂਨੀਆਂ ਆਦਿ ਹਾਜ਼ਰ ਸਨ।
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬਰੇਕਫਾਸਟ ਕਿੱਟਾਂ ਵੰਡਦੇ ਹੋਏ ਕੈਬਨਿਟ ਮੰਤਰੀ ਸਿੰਗਲਾ ਤੇ ਟਰੱਸਟ ਦੇ ਨੁਮਾਇੰਦੇ।