ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਫਰਵਰੀ
ਆਮ ਆਦਮੀ ਪਾਰਟੀ (ਆਪ) ’ਚ ਸਾਲ ਭਰ ਵਧੇਰੇ ਸਰਗਰਮ ਰਹੇ ਪ੍ਰੋ. ਸੁਮੇਰ ਸਿੰਘ ਸੀਰਾ ‘ਆਪ’ ਨੂੰ ਅਲਵਿਦਾ ਆਖਦਿਆਂ, ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਰਾਜਨੀਤਕ ਖੇਤਰ ’ਚ ਤਾਂ ਭਾਵੇਂ ਕਿ ਉਹ ਕਈ ਸਾਲਾਂ ਤੋਂ ਸਰਗਰਮ ਰਹੇ ਹਨ। ਪਹਿਲਾਂ ਉਹ ਇੱਥੋਂ ਦੇ ਸ਼ਾਹੀ ਘਰਾਣੇ ਨਾਲ਼ ਜੁੜੇ ਰਹੇ ਜਿਸ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਪ੍ਰਨੀਤ ਕੌਰ ਦੇ ਹੱਕ ਵਿੱਚ ਲੋਕ ਸਭਾ ਚੋਣਾਂ ’ਚ ਸਰਗਰਮੀ ਨਾਲ਼ ਕੰਮ ਕੀਤੀ, ਬਲਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਲੜੀਆਂ ਜਾਂਦੀਆਂ ਰਹੀਆਂ ਵਿਧਾਨ ਸਭਾ ਦੀਆਂ ਚੋਣਾ ’ਚ ਵੀ ਉਹ ਮੋਹਰੀ ਰੋਲ ਅਦਾ ਕਰਦੇ ਰਹੇ ਹਨ।
ਪੇਸ਼ੇੇ ਵਜੋਂ ਭਾਵੇਂ ਉਹ ਕਈ ਵਰ੍ਹਿਆਂ ਤੋਂ ਅਧਿਆਪਨ ਖਿੱਤੇ ਨਾਲ ਜੁੜੇ ਰਹੇ ਹਨ ਪਰ ਅਧਿਆਪਕ ਦੀ ਸ਼ਾਨਦਾਰ ਨੌਕਰੀ ਛੱਡ ਕੇ ਉਹ ਪਿਛਲੇ ਸਾਲ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਪ੍ਰੋ. ਸੀਰਾ ਭਾਵੇਂ ਸਨੌਰ ਜਾਂ ਸਮਾਣਾ ਹਲਕੇ ਤੋਂ ‘ਆਪ’ ਦੀ ਟਿਕਟ ਦੀ ਮੰਗ ਕਰਦੇ ਰਹੇ ਹਨ ਪਰ ਆਪ ਦੇ ਇੱਕ ਸਿਰਕੱਢ ਆਗੂ ਨਾਲ਼ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੂੰ ਪਟਿਆਲਾ ਸ਼ਹਿਰੀ ਹਲਕੇ ਤੋਂ ‘ਆਪ’ ਦੀ ਟਿਕਟ ਦਾ ਪੂਰਾ ਭਰੋਸਾ ਦੇ ਕੇ ਇੱਥੇ ਸਰਗਰਮੀਆਂ ਕਰਨ ਲਈ ਆਖਿਆ ਗਿਆ ਜਿਸ ਕਰਕੇ ‘ਆਪ’ ਦੀ ਟਿਕਟ ’ਤੇ ਨਿਸ਼ਾਨਾ ਸੇਧ ਕੇ ਸੀਰਾ ਨੇ ਕਰੀਬ ਸਾਲ ਭਰ ‘ਆਪ’ ਲਈ ਦਿਨ ਰਾਤ ਕੰਮ ਕਰਦਿਆਂ ਸ਼ਹਿਰ ’ਚ ਆਪ ਦੀ ਸਥਿਤੀ ਨੂੰ ਪਹਿਲਾਂ ਨਾਲ਼ੋਂ ਵੀ ਵਧੇਰੇ ਮਜ਼ਬੂਤ ਕੀਤਾ। ਪਰ ਪਾਰਟੀ ਨੇ ਟਿਕਟ ਇੱਥੋਂ ਅਕਾਲੀ ਦਲ ਦੀ ਤਰਫ਼ੋਂ ਅੱਠ ਚੋਣਾ ਲੜ ਚੁੱਕੇਕੋਹਲੀ ਪਰਿਵਾਰ ਦੇ ਫਰਜੰਦ ਅਜੀਤਪਾਲ ਸਿੰਘ ਕੋਹਲੀ ਸਾਬਕਾ ਮੇਅਰ ਨੂੰ ਦੇ ਦਿੱਤੀ।