ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜੂਨ
ਪਿੰਡ ਝਿੱਲ ਵਿੱਚ ਫੈਲੇ ਪੇਚਸ਼ ਕਾਰਨ ਅੱਜ ਸਿਵਲ ਸਰਜਨ ਡਾ. ਰਾਜੂ ਧੀਰ, ਐੱਸ.ਐੱਮ.ਓ. ਡਾ. ਰੰਜਨਾ ਸ਼ਰਮਾ, ਆਈ.ਡੀ.ਐਸ.ਪੀ. ਦੇ ਜ਼ਿਲ੍ਹਾ ਐਪੀਡੋਮੋਲੋਜਿਸਟ ਦਿਵਜੋਤ ਸਿੰਘ ਵੱਲੋਂ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ। ਡਾ. ਰਾਜੂ ਧੀਰ ਨੇ ਪਟਿਆਲਾ ਦੇ ਨਜ਼ਦੀਕੀ ਪਿੰਡ ਝਿੱਲ ਵਿੱਚ ਫੈਲੇ ਪੇਚਸ਼ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 282 ਮਰੀਜ਼ ਪੇਚਸ਼ ਤੋਂ ਪੀੜਤ ਪਾਏ ਗਏ ਹਨ। ਕੱਲ੍ਹ ਸ਼ਾਮ ਤੋਂ ਹੁਣ ਤੱਕ 6 ਨਵੇਂ ਮਰੀਜ਼ ਦਾਖ਼ਲ ਕੀਤੇ ਗਏ ਹਨ, ਹੁਣ ਤੱਕ ਕੁੱਲ 44 ਮਰੀਜ਼ ਦਾਖਲ ਹੋਏ ਹਨ ਜਿਨ੍ਹਾਂ ਵਿੱਚੋਂ 29 ਮਰੀਜ਼ਾਂ ਨੂੰ ਠੀਕ ਹੋਣ ਕਾਰਨ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਸ ਮੌਕੇ 15 ਮਰੀਜ਼ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਦਾਖਲ ਹਨ।
ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਵਿੱਚ ਆਰਜ਼ੀ ਡਿਸਪੈਂਸਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਿਮਾਰ ਮਰੀਜ਼ਾਂ ਨੂੰ ਸਿਹਤ ਜਾਂਚ ਕਰਕੇ ਲੋੜ ਅਨੁਸਾਰ ਦਵਾਈਆਂ ਦਿੱਤੀਆ ਜਾ ਰਹੀਆਂ ਹਨ ਅਤੇ ਰੈਫਰਲ ਸੁਵਿਧਾ ਲਈ ਐਂਬੂਲੈਂਸ ਸਮੇਤ ਪੁਖਤਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਿਹਤ ਵਿਭਾਗ ਦੇ ਕਾਮਿਆਂ ਦੀਆਂ 3 ਟੀਮਾਂ ਵੱਲੋਂ ਪਿੰਡ ਝਿੱਲ ਅਤੇ ਸ਼ਹੀਦ ਊਧਮ ਸਿੰਘ ਨਗਰ ਦੇ ਲੋਕਾਂ ਨੂੰ ਘਰ ਘਰ ਸਰਵੇਖਣ ਦੌਰਾਨ ਪੈਂਫਲਿਟ ਵੰਡਦਿਆਂ ਗਰੁੱਪ ਮੀਟਿੰਗਾਂ ਰਾਹੀਂ ਬਿਮਾਰੀ ਤੋਂ ਬਚਾਅ ਲਈ ਸਾਫ-ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਨੂੰ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਢਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋੜਵੰਦ ਲੋਕਾਂ ਨੂੰ ਓ.ਆਰ.ਐੱਸ. ਦੇ ਪੈਕਟਾਂ ਦੀ ਵੰਡ ਅਤੇ ਪਾਣੀ ਨੂੰ ਸ਼ੁੱਧ ਕਰਕੇ ਪੀਣ ਲਈ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਕੀਤੀ ਗਈ। ਲੋਕਾਂ ਨੂੰ ਟੱਟੀਆਂ, ਉਲਟੀਆਂ ਦੀ ਸ਼ਿਕਾਇਤ ਹੋਣ ’ਤੇ ਤੁਰੰਤ ਸਿਹਤ ਟੀਮ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਰਾਜੂ ਧੀਰ ਨੇ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀ ਅਤੇ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਦੂਸ਼ਿਤ ਭੋਜਨ ਅਤੇ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰੱਖਿਆ ਜਾਵੇ। ਇਸ ਲਈ ਗਲੇ-ਸੜੇ, ਜ਼ਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਨਾ ਖਾਏ ਜਾਣ, ਅਣਢਕੀਆਂ ਚੀਜ਼ਾਂ ਨਾ ਖਾਧੀਆਂ ਜਾਣ, ਖਾਣਾ ਖਾਣ ਤੋਂ ਪਹਿਲਾਂ/ਪਖਾਨੇ ਜਾਣ ਤੋਂ ਬਾਅਦ ਸਾਬਣ ਨਾਲ ਹੱਥ ਧੋਇਆ ਜਾਵੇ। ਜੇਕਰ ਪਾਣੀ ਗੰਧਲਾ ਆਉਂਦਾ ਹੋਵੇ ਤਾਂ ਉਸ ਦੀ ਸ਼ਿਕਾਇਤ ਤੁਰੰਤ ਸਬੰਧਿਤ ਵਿਭਾਗ ਨੂੰ ਕੀਤੀ ਜਾਵੇ ਤਾਂ ਕਿ ਦੂਸ਼ਿਤ ਪੀਣ ਵਾਲੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਪਾਣੀ ਦੇ ਸਾਰੇ ਅੱਠ ਸੈਂਪਲ ਫੇਲ੍ਹ
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਸਰਹਿੰਦ ਰੋਡ ’ਤੇ ਸਥਿਤ ਪਿੰਡ ਝਿੱਲ ’ਚ 22 ਜੂਨ ਨੂੰ ਫੈਲੇ ਪੇਚਸ਼ ਕਾਰਨ ਪ੍ਰਭਾਵਿਤ ਖੇਤਰ ਵਿੱਚੋਂ ਸਿਹਤ ਵਿਭਾਗ ਵੱਲੋਂ ਲਏ ਗਏ ਪਾਣੀ ਦੇ ਸਾਰੇ ਅੱਠ ਸੈਂਪਲ ਫੇਲ੍ਹ ਪਾਏ ਗਏ ਹਨ। ਇਨ੍ਹਾਂ ਸੈਂਪਲਾਂ ਦੀ ਅੱਜ ਆਈ ਰਿਪੋਰਟ ਦੌਰਾਨ ਇਸ ਪਾਣੀ ’ਚ ਜ਼ਹਿਰੀਲੇ ਵਿਸ਼ਾਣੂ ਮਿਲੇ ਹਨ। ਜ਼ਿਕਰਯੋਗ ਹੈ ਕਿ ਪਹਿਲੇ ਦਿਨ ਇਲਾਕੇ ਦੇ ਕੌਂਸਲਰ ਸੇਵਕ ਝਿੱਲ ਸਮੇਤ 140 ਵਿਅਕਤੀ ਪੇਚਸ਼ ਦਾ ਸ਼ਿਕਾਰ ਹੋ ਗਏ ਸਨ। ਇਨ੍ਹਾਂ ਵਿੱਚੋਂ 25 ਜਣਿਆ ਨੂੰ ਦਾਖਲ ਕਰਵਾਉਣਾ ਪਿਆ ਸੀ। ਇਸ ਖੇਤਰ ਨੂੰ ਇੱਕੋ ਥਾਂ ਤੋਂ ਪੀਣ ਵਾਲ਼ੇ ਪਾਣੀ ਦੀ ਸਪਲਾਈ ਜਾਂਦੀ ਹੈ। ਸਪਲਾਈ ਆਧਾਰਤ ਇਹ ਟੈਂਕੀ ਨਗਰ ਨਿਗਮ ਦੇ ਅਧੀਨ ਪੈਂਦੀ ਹੈ ਜਿਸ ਦੌਰਾਨ ਟੈਂਕੀ ਤੋਂ ਸਪਲਾਈ ਰੋਕ ਕੇ ਡਾਇਰੈਕਟ ਕਰ ਦਿੱਤੀ ਗਈ ਸੀ। ਇਸ ਕਰਕੇ ਸਿਹਤ ਵਿਭਾਗ ਨੇ ਇਸ ਖੇਤਰ ਵਿੱਚੋਂ ਹੀ ਦਿਨ ਪਾਣੀ ਦੇ ਅੱਠ ਸੈਂਪਲ ਲਏ ਅਤੇ ਜਾਂਚ ਲਈ ਖਰੜ ਸਥਿਤ ਲੈਬ ਵਿੱਚ ਭੇਜੇ ਗਏ ਸਨ। ਇਨ੍ਹਾਂ ਦੀ ਅੱਜ ਆਈ ਰਿਪੋਰਟ ਦੌਰਾਨ ਅੱਠ ਦੇ ਅੱਠ ਸੈਂਪਲ ਫੇਲ੍ਹ ਪਾਏ ਗਏ ਹਨ ਜਿਸ ਦੀ ਸਿਵਲ ਸਰਜਨ ਡਾ. ਰਾਜੂ ਧੀਰ ਨੇ ਪੁਸ਼ਟੀ ਕੀਤੀ ਹੈ। ਉਧਰ ਸਿਵਲ ਸਰਜਨ ਦਾ ਕਹਿਣਾ ਸੀ ਕਿ ਜਿੰਨਾ ਚਿਰ ਸੈਂਪਲਾਂ ਦੀ ਰਿਪੋਰਟ ਦਰੁਸਤ ਨਹੀਂ ਪਾਈ ਜਾਂਦੀ ੳਨੀ ਦੇਰ ਸਿਹਤ ਵਿਭਾਗ ਹੋਰ ਸੈਂਪਲ ਲੈ ਕੇ ਪੀਣ ਵਾਲ਼ੇ ਪਾਣੀ ਦੀ ਜਾਂਚ ਕਰਵਾਉਂਦਾ ਰਹੇਗਾ।