ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਮਈ
ਪਿੰਡ ਅਰਨੋ ਦੀਆਂ ਸੱਤ ਗ੍ਰਾਮ ਪੰਚਾਇਤਾਂ ਵਿਚ ਜ਼ਿੰਦਗੀ ਬਸਰ ਕਰਦੇ ਸੈਂਕੜੇ ਲੋੜਵੰਦ ਪਰਿਵਾਰਾਂ ਕੋਲੋਂ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਚਾਇਤ ਵਿਭਾਗ ਨੇ 576 ਏਕੜ ਜ਼ਮੀਨ ਵਿੱਚੋਂ 141 ਏਕੜ 6 ਕਨਾਲਾਂ 11 ਮਰਲੇ ਜ਼ਮੀਨ ਛੁਡਵਾਉਣ ਲਈ 50 ਪਰਿਵਾਰਾਂ ਨੂੰ ਨੋਟਿਸ ਦਿੱਤੇ ਹਨ। ਦੂਜੇ ਪਾਸੇ ‘ਜ਼ਮੀਨ ਬਚਾਓ’ ਦੇ ਨਾਅਰੇ ਹੇਠ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰਦੇ ਕਾਸ਼ਤਕਾਰਾਂ ਨੂੰ ਉਸ ਸਮੇਂ ਬਲ ਮਿਲਿਆ ਜਦੋਂ 6 ਪੰਚਾਇਤਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਪੱਤਰ ਲਿਖ ਕੇ ਦੇਸ਼ ਦੀ ਵੰਡ ਵੇਲੇ ਉਜੜ ਕੇ ਆਏ ਲੋਕਾਂ ਨੂੰ ਹੁਣ ਨਾ ਉਜਾੜਨ ਦੀ ਅਪੀਲ ਕੀਤੀ ਹੈ । ਇਸ ਮੌਕੇ ਗਰਾਮ ਪੰਚਾਇਤ ਅਰਨੋ ਖੁਰਦ ਦੇ ਸਰਪੰਚ ਹਰਦੀਪ ਕੌਰ, ਗ੍ਰਾਮ ਪੰਚਾਇਤ ਡੇਰਾ ਰਾਜਪੂਤਾਂ ਦੇ ਸਰਪੰਚ ਰਾਜ ਕੌਰ, ਗਰਾਮ ਪੰਚਾਇਤ ਪਲਾਸੌਰ ਦੇ ਸਰਪੰਚ ਬਲਕਾਰ ਸਿੰਘ, ਗ੍ਰਾਮ ਪੰਚਾਇਤ ਕਮਾਲਪੁਰ ਦੇ ਸਰਪੰਚ ਬੀਰਾ ਰਾਮ, ਗਰਾਮ ਪੰਚਾਇਤ ਜਹਾਂਗੀਰ ਦੇ ਸਰਪੰਚ ਅਰਸ਼ਦੀਪ ਸਿੰਘ ਅਤੇ ਗਰਾਮ ਪੰਚਾਇਤ ਗੋਪਾਲਪੁਰਾ ਦੇ ਸਰਪੰਚ ਲੱਖਾ ਰਾਮ ਆਦਿ ਸਰਪੰਚਾਂ ਦੀ ਅਗਵਾਈ ਵਿੱਚ ਗ੍ਰਾਮ ਪੰਚਾਇਤਾਂ ਵੱਲੋਂ ਪਿੰਡਾਂ ਦਾ ਇਕੱਠ ਬੁਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜਿਆ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਕਮੇਟੀ ਮੈਂਬਰ ਸਤਵੰਤ ਸਿੰਘ ਵਜੀਦਪੁਰ, ਗੁਰਨਾਮ ਸਿੰਘ ਅਤੇ ਕਾਸ਼ਤਕਾਰ ਸੁਖਵਿੰਦਰ ਸਿੰਘ ਨੇ ਲੋੜਵੰਦ ਪਰਿਵਾਰਾਂ ਦੇ ਉਜਾੜੇ ਨੂੰ ਰੋਕਣ ਲਈ ਪੰਚਾਇਤਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸੰਘਰਸ਼ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸ਼ਮੂਲੀਅਤ ਐਲਾਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਜ਼ਮੀਨ ਉੱਤੇ ਕਿਸੇ ਵੀ ਕੀਮਤ ’ਤੇ ਪੰਚਾਇਤ ਵਿਭਾਗ ਨੂੰ ਕਾਬਜ਼ ਨਹੀਂ ਕਰਨ ਦਿੱਤਾ ਜਾਵੇਗਾ।