ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਸਤੰਬਰ
ਇਥੇ ਸੀਆਈਏ ਸਟਾਫ਼ ਦੇ ਨੇੜੇ ਚੈਰੀਟੇਬਲ ਬੋਰਡ ਦੀ ਜ਼ਮੀਨ ’ਤੇ ਬਣੀਆਂ ਛੇ ਦੁਕਾਨਾਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਸਾਂਝੇ ਕਾਰਵਾਈ ਕਰਦਿਆਂ ਬੁਲਡੋਜ਼ਰ ਨਾਲ ਢਾਹ ਦਿੱਤੀਆਂ। ਇਸ ਕਾਰਵਾਈ ਨੂੰ ਡਿਊਟੀ ਮੈਜਿਸਟਰੇਟ ਵਜੋਂ ਹਾਜ਼ਰ ਰਹੇ ਤਹਿਸੀਲਦਾਰ ਦੀ ਨਿਗਰਾਨੀ ਹੇਠਾਂ ਅੰਜਾਮ ਦਿੱਤਾ ਗਿਆ। ਇਹ ਦੁਕਾਨਾਂ ਪੀਐੱਲਸੀ ਨਾਲ ਸਬੰਧਤ ਕੌਂਸਲਰਾਂ ਦੀਆਂ ਦੱੱਸੀਆਂ ਗਈਆਂ ਹਨ ਜਿਸ ਦੇ ਚੱਲਦਿਆਂ ਪੀਐੱਲਸੀ ਦੇ ਆਗੂ ਅਤੇ ਮੇਅਰ ਸੰਜੀਵ ਬਿੱਟੂ ਦੀ ਅਗਵਾਈ ਹੇਠਾਂ ਕਈ ਪੀਐੱਲਸੀ ਕੌਂਸਲਰ ਵੀ ਇਥੇ ਪਹੁੰਚ ਗਏ ਤੇ ਦੁਕਾਨਾਂ ਅੱਗੇ ਧਰਨਾ ਮਾਰ ਕੇ ਬੈਠ ਗਏ। ਇੱਕ ਕੌਂਸਲਰ ਦੇ ਪਤੀ ਹਰੀਸ਼ ਕਪੂਰ ਤਾਂ ਭਾਵੁਕ ਹੁੰਦਿਆਂ ਬੋਲਡੋਜ਼ਰ ਦੇ ਅੱਗੇ ਵੀ ਲੇਟ ਗਏ ਪਰ ਡੀਐੱਸਪੀ ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠ ਤਾਇਨਾਤ ਕੀਤੀ ਗਈ ਭਾਰੀ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਚੁੱਕ ਕੇ ਲਾਂਭੇ ਕਰ ਦਿੱਤਾ ਤੇ ਸੜਕ ਦੇ ਦੋਵੇਂ ਪਾਸੀਂ ਬੈਰੀਕੇਡ ਲਾ ਕੇ ਦੁਕਾਨਾ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਸ ਮੌਕੇ ’ਤੇ ਮੇਅਰ ਦਾ ਕਹਿਣਾ ਸੀ ਕਿ ਉਹ ਸਰਕਾਰ ਵੱਲੋਂ ਨਾਜਾਇਜ਼ ਇਮਾਰਤਾਂ ਨੂੰ ਢਾਹੁਣ ਦੀ ਕਾਰਵਾਈ ਦਾ ਸਵਾਗਤ ਕਰਦੇ ਹਨ ਪਰ ਸਰਕਾਰ ਨੂੰ ਪੱਖਪਾਤੀ ਰਵੱਈਆ ਨਹੀਂ ਅਪਣਾਉਣਾ ਚਾਹੀਦਾ ਤੇ ‘ਆਪ’ ਆਗੂਆਂ ਦੀਆਂ ਨਾਜਾਇਜ਼ ਇਮਾਰਤ ਵੀ ਢਾਹੀਆਂ ਜਾਣੀਆਂ ਚਾਹੀਦੀਆਂ ਹਨ। ਬਾਅਦ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੇਅਰ ਨੇ 158 ਡੇਰਿਆਂ ਦੀਆਂ ਜ਼ਮੀਨਾਂ ਦੀ ਸੂਚੀ ਜਾਰੀ ਕਰਦਿਆਂ 4 ਹਜ਼ਾਰ ਤੋਂ ਵੱਧ ਇਮਾਰਤਾਂ ਨਾਜਾਇਜ਼ ਬਣੀਆਂ ਹੋਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਡੇਰਿਆਂ ਦੀਆਂ ਜ਼ਮੀਨਾਂ ’ਤੇ ਹੋਟਲ, ਮਾਲ ਅਤੇ ਵੱਡੇ ਅਧਿਕਾਰੀਆਂ ਨੇ ਕਬਜ਼ਾ ਕਰ ਲਿਆ ਹੈ ਪਰ ਇਨ੍ਹਾਂ 4 ਹਜ਼ਾਰ ਇਮਾਰਤਾਂ ਨੂੰ ਛੱਡ ਕੇ ਸਿਰਫ਼ ਇਨ੍ਹਾਂ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਬਦਲੇ ਦੀ ਰਾਜਨੀਤੀ ਤਹਿਤ ਕੀਤੀ ਕਾਰਵਾਈ ਹੈ।
ਆਮ ਆਦਮੀ ਪਾਰਟੀ ’ਤੇ ਵਰ੍ਹੀ ਬੀਬੀ ਪ੍ਰਨੀਤ ਕੌਰ
ਦੁਕਾਨਾਂ ਢਾਹੁਣ ਦੀ ਕਾਰਵਾਈ ’ਤੇ ਟਿੱਪਣੀ ਕਰਦਿਆਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ‘ਆਪ’ ਸਰਕਾਰ ’ਤੇ ਬਦਲਾਖੋਰੀ ਦੀ ਨੀਤੀ ਅਪਣਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਂਸਲਰ ਵਰਸ਼ਾ ਕਪੂਰ ਦੇ ਪਤੀ ਹਰੀਸ਼ ਕਪੂਰ ਦੀ ਦੁਕਾਨ ਢਾਹੁਣ ਦੀ ਕੀਤੀ ਗਈ ਕਾਰਵਾਈ ਰਾਜਨੀਤੀ ਤੋਂ ਪ੍ਰੇਰਿਤ ਹੈ। ਇਥੇ ਜਾਰੀ ਲਿਖਤੀ ਬਿਆਨ ’ਚ ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਅਨੁਸਾਰ ਇਸ ਵਿਵਾਦਿਤ ਡੇਰੇ ਦੀ ਜ਼ਮੀਨ ’ਤੇ 156 ਇਮਾਰਤਾਂ ਹਨ ਪਰ ਪ੍ਰਸ਼ਾਸਨ ਨੇ ਸਿਆਸੀ ਦਬਾਅ ਹੇਠ ਪੂਰੇ ਸ਼ਹਿਰ ’ਚ ਸਿਰਫ਼ ਪੀਐੱਲਸੀ ਆਗੂ ਦੀ ਦੁਕਾਨ ਨੂੰ ਹੀ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਇਸ ਕਾਰਵਾਈ ਨੂੰ ਗੈਰ-ਜਮਹੂਰੀ ਕਰਾਰ ਦਿੱਤਾ।
ਮੇਅਰ ਬਿੱਟੂ ਨੂੰ ਮੁਅੱਤਲ ਕੀਤਾ ਜਾਵੇ : ‘ਆਪ’ ਆਗੂ
ਪਟਿਆਲਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਸ਼ਹਿਰੀ ਪ੍ਰਧਾਨ ਤਜਿੰਦਰ ਮਹਿਤਾ ਨੇ ਕਿਹਾ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਰਕਾਰੀ ਅਤੇ ਸੰਵਿਧਾਨ ਪੁਜ਼ੀਸ਼ਨ ਵਿੱਚ ਹੁੰਦੇ ਹੋਏ ਸਰਕਾਰੀ ਜ਼ਮੀਨਾਂ ਦੱਬਣ ਵਾਲਿਆਂ ਅਤੇ ਨਾਜਾਇਜ਼ ਬਿਲਡਿੰਗਾਂ ਉਸਾਰਨ ਵਾਲਿਆਂ ਦੀ ਕਥਿਤ ਤੌਰ ’ਤੇ ਸਰਪ੍ਰਸਤੀ ਕੀਤੀ ਹੈ। ਨਗਰ ਨਿਗਮ ਨੇ ਮੈਜਿਸਟ੍ਰੇਟ ਦੇ ਹੁਕਮਾਂ ’ਤੇ ਸਨੌਰੀ ਅੱਡਾ ਇਲਾਕੇ ਵਿੱਚ ਬਣੀਆਂ ਜੋ ਨਾਜਾਇਜ਼ ਬਿਲਡਿੰਗਾਂ ਨੂੰ ਤੋੜਨ ਦੀ ਕਾਰਵਾਈ ਆਰੰਭੀ ਤਾਂ ਮੇਅਰ ਬਿੱਟੂ ਅਤੇ ਇਲਾਕੇ ਦੀ ਕੌਂਸਲਰ ਸੋਨੀਆ ਕਪੂਰ ਦੇ ਪਤੀ ਹਰੀਸ਼ ਕਪੂਰ ਨੇ ਸਰਕਾਰੀ ਕੰਮਕਾਜ ਵਿੱਚ ਵਿਘਨ ਪਾਇਆ ਤੇ ਪੁਲੀਸ ਮੁਲਾਜ਼ਮਾਂ ਨੂੰ ਧਮਕਾਇਆ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਮੇਅਰ ਜਾਂ ਕੌਂਸਲਰ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਇਸੇ ਦੌਰਾਨ ਮੇਅਰ ਨੇ ਆਖਿਆ ਕਿ ਢਾਹੀਆਂ ਗਈਆਂ ਦੁਕਾਨਾ ਦੇ ਨਾਲ ਹੀ ‘ਆਪ’ ਆਗੂ ਨੇ ਵੀ ਨਾਜਾਇਜ਼ ਉਸਾਰੀ ਕੀਤੀ ਹੋਈ ਹੈ। ਪਰ ਪ੍ਰਸ਼ਾਸਨ ਨੇ ਛੱਡ ਦਿੱਤੀ ਹੈ।