ਪੱਤਰ ਪ੍ਰੇਰਕ
ਪਾਤੜਾਂ, 23 ਮਈ
ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਮੁਹੱਈਆ ਕਰਵਾਉਣ ਵਾਲੀ ਭਾਖੜਾ ਨਹਿਰ ਦੀਆਂ ਕਈ ਜਗ੍ਹਾ ਤੋਂ ਸਲੈਬਾਂ ਖਿਸਕਣ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਬੀਤੀ ਰਾਤ ਨਹਿਰ ਦੀ ਇੱਕ ਹੋਰ ਸਲੈਬ ਖਿਸਕਣ ਦੀ ਵਾਇਰਲ ਹੋਈ ਪੋਸਟ ਮਗਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਨਾਇਬ ਤਹਿਸੀਲਦਾਰ ਪਾਤੜਾਂ ਰਾਮ ਲਾਲ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਬੀਐੱਮਐੱਲ ਦੇ ਅਧਿਕਾਰੀਆਂ ਨੂੰ ਮੌਕੇ ਉੱਤੇ ਬੁਲਾ ਕੇ ਖਿਸਕ ਚੁੱਕੀ ਸਲੈਬ ਵਾਲੀ ਥਾਂ ਦੀ ਰਿਪੇਅਰ ਕਰਵਾਉਣ ਦੇ ਦਿੱਤੇ ਨਿਰਦੇਸ਼ ਮਗਰੋਂ ਬੀਐਮਐਲ ਦੇ ਅਧਿਕਾਰੀਆਂ ਨੇ ਮਿੱਟੀ ਦੇ ਭਰੇ ਥੈਲਿਆਂ ਨਾਲ ਪ੍ਰਭਾਵਿਤ ਥਾਂ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਪਿਛਲੇ ਕਈ ਦਿਨਾਂ ਤੋਂ ਨਹਿਰ ਵਿਚ ਵਧੇ ਪਾਣੀ ਦੇ ਪੱਧਰ ਅਤੇ ਬੀਤੀ ਰਾਤ ਆਏ ਝੱਖੜ ਕਰਕੇ ਪਿੰਡ ਡਰੋਲੀ ਅਤੇ ਬਕਰਾਹਾ ਨੂੰ ਜੋੜਨ ਵਾਲੇ ਪੁਲ ਦੇ ਨਾਲ ਲੱਗਦੀ ਨਹਿਰ ਦੀ ਸਲੈਬ ਖਿਸਕਣ ਉਪਰੰਤ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਸੂਚਨਾ ਮਿਲਦੇ ਸਾਰ ਪ੍ਰਸ਼ਾਸਨ ਵਿੱਚ ਅਫਰਾ-ਤਫਰੀ ਮੱਚ ਗਈ, ਬੀਐਮਐਲ ਦੀ ਟੀਮ ਨੇ ਜੇਸੀਬੀ ਤੇ ਮਨਰੇਗਾ ਵਰਕਰਾਂ ਦੀ ਸਹਾਇਤਾ ਨਾਲ ਡੰਗ ਟਪਾਊ ਢੰਗ ਨਾਲ ਮਿੱਟੀ ਦੇ ਥੈਲੇ ਭਰ ਕੇ ਖਿਸਕੀ ਹੋਈ ਸਲੈਬ ਵਾਲੀ ਥਾਂ ਮੁਰੰਮਤ ਕੀਤੀ ਜਾ ਰਹੀ ਹੈ।
ਲੋਕਾਂ ਨੇ ਨਹਿਰ ਦੀਆਂ ਖਿਸਕੀਆਂ ਸਲੈਬਾਂ ਨੂੰ ਅਧਿਕਾਰੀਆਂ ਲਈ ਕਮਾਊ ਪੁੱਤ ਦੱਸਿਆ
ਆਲੇ ਦੁਆਲੇ ਦੇ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਹਿਰ ਦੀਆਂ ਥਾਂ ਥਾਂ ਤੋਂ ਖਿਸਕ ਰਹੀਆਂ ਸਲੈਬਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਲਈ ਕਮਾਊ ਪੁੱਤ ਬਣੀਆਂ ਹੋਈਆਂ ਹਨ ਕਿਉਂਕਿ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮਹਿਜ਼ ਖਾਨਾਪੂਰਤੀ ਕਰਕੇ ਮੁਰੰਮਤ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ਉੱਤੇ ਤਾਂ ਖਿਸਕ ਚੁੱਕੀਆਂ ਸਲੈਬਾਂ ਵਾਲੀ ਥਾਂ ਉੱਤੇ ਮੁਰੰਮਤ ਦੇ ਨਾਂ ਹੇਠ ਜੰਗਲਾਤ ਵਿਭਾਗ ਦੇ ਕੀਮਤੀ ਰੁੱਖਾਂ ਨੂੰ ਕੱਟ ਕੇ ਕੰਕਰੀਟ ਦੇ ਥੈਲਿਆਂ ਦੀ ਥਾਂ ਉੱਤੇ ਲਗਾ ਕੇ ਕੰਮ ਸਾਰਿਆ ਜਾ ਰਿਹਾ ਹੈ।