ਪੱਤਰ ਪ੍ਰੇਰਕ
ਸੰਦੌੜ, 23 ਸਤੰਬਰ
ਸਵੱਛ ਭਾਰਤ ਗ੍ਰਾਮੀਣ ਮਿਸ਼ਨ ਅਧੀਨ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹੁਸੈਨਪੁਰਾ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਠੋਸ ਰਹਿੰਦ-ਖੂੰਹਦ ਤੇ ਕੂੜੇ ਦੇ ਪ੍ਰਭਾਵੀ ਪ੍ਰਬੰਧਨ ਤੇ ਨਬਿੇੜੇ ਲਈ ਪੇਂਡੂ ਖੇਤਰ ਵਿੱਚ ਜ਼ਿਲ੍ਹੇ ਦਾ ਪਹਿਲਾ ਪਲਾਂਟ ਸਥਾਪਿਤ ਕੀਤਾ ਗਿਆ। ਇਸ ਦਾ ਰਸਮੀ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਦੀਪ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਆਪਸੀ ਸਾਂਝ ਦੁਆਰਾ ਠੋਸ ਰਹਿੰਦ-ਖੂੰਹਦ ਦਾ ਢੁਕਵਾਂ ਅਤੇ ਪ੍ਰਭਾਵੀ ਪ੍ਰਬੰਧਨ ਸਮੇਂ ਦੀ ਮੁੱਖ ਲੋੜ ਹੈ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਰਿੰਪੀ ਗਰਗ ਨੇ ਕਿਹਾ ਕਿ ਠੋਸ ਕੂੜੇ ਤੇ ਹੋਰ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਨਿਪਟਾਰਾ ਕਰਕੇ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ ਅਤੇ ਇਸ ਜੈਵਿਕ ਖਾਦ ਦਾ ਉਪਯੋਗ ਲੋਕ ਆਪਣੀ ਘਰੇਲੂ ਬਗੀਚੀ ਜਾਂ ਆਪਣੇ ਖੇਤਾਂ ਵਿੱਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪਲਾਂਟ ਲੋਕਾਂ ਲਾਹੇਵੰਦ ਸਾਬਤ ਹੋਵੇਗਾ। ਪਿੰਡ ਹੁਸੈਨਪੁਰਾ ਦੀ ਸਰਪੰਚ ਪਰਮੀਤ ਕੌਰ ਨੇ ਦੱਸਿਆ ਕਿ ਇਸ ਦੇ ਸ਼ੁਰੂ ਹੋਣ ਨਾਲ ਪਿੰਡ ਦੇ ਕਰੀਬ 244 ਘਰ ਕੂੜੇ ਨੂੰ ਵੱਖ ਕਰਨ ਦੀ ਮੁਹਿੰਮ ਦਾ ਹਿੱਸਾ ਬਣਨਗੇ।