ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਫਰਵਰੀ
ਦਿੱਲੀ ’ਚ ਚੱਲ ਰਹੇ ਕਿਸਾਨ ਸੰਘਰਸ਼ ’ਚ ਪਿਛਲੇ 2 ਮਹੀਨਿਆਂ ਤੋਂ ਵੱਡੀ ਤਾਦਾਦ ’ਚ ਲੋਕਾਂ ਦੀ ਆਮਦ ਜਾਰੀ ਹੈ। ਇਸ ਸੰਘਰਸ਼ ਨੂੰ ਲੈ ਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੋਇਆ ਹੈ ਕਿ ਕੋਈ ਵੀ ਵਿਅਕਤੀ ਨਾ ਤਾਂ ਕਿਸੇ ਨੂੰ ਨਗਦ ਚੰਦਾ ਦੇਵੇ ਤੇ ਨਾ ਹੀ ਕਿਸੇ ਤੋਂ ਮੰਗਿਆ ਜਾਵੇ। ਇਸ ਦੇ ਬਾਵਜੂਦ ਕੁਝ ਲੋਕ ਜਨਤਾ ਤੋਂ ਚੰਦਾ ਇਕੱਠਾ ਕਰਨ ’ਤੇ ਲੱਗੇ ਹੋਏ ਹਨ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਵੀ ਚਰਚਾ ਹੋ ਰਹੀ ਹੈ।
ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਟਿਆਲਾ ਨਾਲ ਸਬੰਧਿਤ ਆਪ ਦੇ ਇਕ ਸੀਨੀਅਰ ਆਗੂ ਨੇ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਇਕ ਵੱਟਸਐਪ ਗਰੁੱਪ ਵਿੱਚ ਪੋਸਟ ਪਾ ਕੇ ਦਵਾਈਆਂ ਤੇ ਐਂਬੂਲੈਂਸਾਂ ਲਈ ਚੰਦੇ ਦੀ ਮੰਗ ਕੀਤੀ ਹੈ। ‘ਆਪ’ ਆਗੂ ਨੇ ਪੋਸਟ ਪਾ ਕੇ ‘ਨੈਸ਼ਨਲ ਮੈਡੀਕਲ ਅਲਾਇੰਸ ਫ਼ਾਰ ਫਾਰਮਰਜ਼’ ਸੰਸਥਾ ਰਾਹੀਂ ਐਂਬੂਲੈਂਸ ਜਾਂ ਮੈਡੀਕਲ ਲਈ ਚੰਦਾ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਡਾ. ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਮਝਣ ਦੀ ਲੋੜ ਹੈ। ਅਸੀਂ ਇਸ ਚੰਦੇ ਰਾਹੀਂ ਲੋਕਾਂ ਤੋਂ ਲੋਕਾਂ ਦੀ ਸਿਹਤ ਨਾਲ ਸਬੰਧਿਤ ਦਵਾਈਆਂ, ਐਂਬੂਲੈਂਸਾਂ ਜਾਂ ਹੋਰ ਸਾਜ਼ੋ ਸਾਮਾਨ ਲਿਆ ਰਹੇ ਹਾਂ। ਜ਼ਿਕਰਯੋਗ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਵਿਦੇਸ਼ੀ ਫੰਡਿਗ ਨੂੰ ਲੈ ਕੇ ਕਈ ਆਗੂ ਐਨਆਈਏ ਦੇ ਨੋਟਿਸਾਂ ਦਾ ਸਾਹਮਣਾ ਕਰ ਰਹੇ ਹਨ। ਜਦੋਂਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਨਗਦ ਚੰਦਾ ਦੇਣ ਜਾਂ ਲੈਣ ਤੋਂ ਮਨਾਹੀ ਕੀਤੀ ਹੋਈ ਹੈ।
ਆਗੂਆਂ ਦਾ ਕਹਿਣਾ ਹੈ ਕਿ ਜੇ ਕਿਸੇ ਨੇ ਸੇਵਾ ਕਰਨੀ ਹੈ ਤਾਂ ਨਗਦ ਪੈਸਿਆਂ ਦੀ ਬਜਾਏ ਲੋੜੀਂਦਾ ਸਾਮਾਨ ਹੀ ਦਿੱਤਾ ਲਿਆ ਜਾਵੇ। ਇਸ ਲਈ ਜੇ ਇਸ ਤਰ੍ਹਾਂ ਨਗਦ ਚੰਦਾ ਇਕੱਠਾ ਕਰਨ ਦੀ ਰੀਤ ਸ਼ੁਰੂ ਹੋ ਗਈ ਤਾਂ ਇਸ ਨਾਲ ਕਿਤੇ ਨਾ ਕਿਤੇ ਸਬੰਧਿਤ ਪਾਰਟੀ, ਸੰਸਥਾ ਜਾਂ ਵਿਅਕਤੀ ਦੇ ਅਕਸ ਨੂੰ ਢਾਹ ਜ਼ਰੂਰ ਲੱਗੇਗੀ।
ਅਜਿਹਾ ਕਰਨਾ ਬਿਲਕੁਲ ਗ਼ਲਤ: ਬੁੱਧ ਰਾਮ
ਇਸ ਸਬੰਧੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਆਗੂ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਜਿਹਾ ਕਰਨਾ ਗ਼ਲਤ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਪਾਰਟੀ ਦੀ ਵੱਡੀ ਲੀਡਰਸ਼ਿਪ ਨਾਲ ਉਹ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਕਾਰਨਾਮਿਆਂ ਨਾਲ ਪਾਰਟੀ ਦਾ ਅਕਸ ਖ਼ਰਾਬ ਹੋਏਗਾ। ਜਦੋਂਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਅਮਨ ਅਰੋੜਾ ਨਾਲ ਸੰਪਰਕ ਨਹੀਂ ਹੋ ਸਕਿਆ।