ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਗਸਤ
ਸ਼ਾਹੀ ਸ਼ਹਿਰ ਵਿੱਚ ਅੱਜ ਸਵੇਰੇ ਪਏ ਭਰਵੇਂ ਮੀਂਹ ਦੌਰਾਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਸ਼ਹਿਰ ਵਿਚਲੀਆਂ ਬਣਤਰ ਪੱਖੋਂ ਢੁਕਵੀਆਂ ਹੋਣ ਕਾਰਨ ਕਈ ਸੜਕਾਂ ’ਤੇ ਪਾਣੀ ਭਰ ਗਿਆ। ਉਧਰ ਸ਼ੇਰਮਾਜਰਾ ਪਿੰਡ ਨੇੜੇ ਸਥਿਤ ਨਗਰ ਨਿਗਮ ਦੇ ਸੀਵਰੇਜ ਟਰੀਟਮੈਂਟ ਪਲਾਂਟ ’ਚ ਬਿਜਲੀ ਤਾਰਾਂ ਦੇ ਟੁੱਟਣ ਕਾਰਨ ਅੱਜ ਇਸ ਪੰਪਿੰਗ ਸਟੇਸ਼ਨ ਵੱਲੋਂ ਸੀਵਰੇਜ ਲਾਈਨਾਂ ਦੇ ਪਾਣੀ ਨੂੰ ਖਿੱਚਣਾ ਬੰਦ ਕਰਨ ਕਰਕੇ ਸ਼ਨਿੱਚਰਵਾਰ ਦੀ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਪਰ ਲੋਕਾਂ ਦੀ ਮੁਸ਼ਕਲ ਨੂੰ ਭਾਂਪਦਿਆਂ, ਐੱਸ.ਟੀ.ਪੀ ’ਤੇ ਪਹੁੰਚੇ ਮੇਅਰ ਸੰਜੀਵ ਬਿੱਟੂ ਦੇ ਆਦੇਸ਼ਾਂ ’ਤੇ ਨਿਗਮ ਇੰਜਨੀਅਰਾਂ ਦੀ ਟੀਮ ਨੇ ਕੁਝ ਘੰਟਿਆਂ ਦੀ ਮਿਹਨਤ ਦੌਰਾਨ ਤਕਨੀਕੀ ਨੁਕਸ ਸੁਧਾਰ ਲਿਆ। ਇਸ ਮਗਰੋਂ ਸੀਵਰੇਜ ਦੀਆਂ ਲਾਈਨਾਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਸ਼ਹਿਰ ਵਿੱਚ ਕਈ ਥਾਈਂ ਭਰਿਆ ਪਾਣੀ ਉੱਤਰਿਆ। ਉਂਜ ਇਹ ਪਾਣੀ ਸੜਕਾਂ ਅਤੇ ਕੁਝ ਗਲ਼ੀਆਂ ਤੱਕ ਹੀ ਸੀ।
ਮੇਅਰ ਦਾ ਕਹਿਣਾ ਸੀ ਕਿ ਭਾਵੇਂ ਬਰਸਾਤ ਤੋਂ ਪਹਿਲਾਂ ਹੀ ਬਹੁਤੀਆਂ ਗਲ਼ੀਆਂ ਅਤੇ ਸੜਕਾਂ ਦੀ ਸਾਫ਼ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਗਿਆ ਸੀ ਪਰ ਜੈਕਬ ਡਰੇਨ ਦਾ ਕੰਮ ਅਜੇ ਅਧੂਰਾ ਹੈ। ਨਿਗਮ ਦਫ਼ਤਰ ਦੇ ਪਿਛਲੇ ਹਿੱਸੇ ਵਿੱਚ ਮਿੱਟੀ ਦਾ ਬੰਨ੍ਹ ਲਗਾਇਆ ਗਿਆ ਹੈ। ਐੱਸ.ਟੀ.ਪੀ. ਦਾ ਪੰਪ ਸਟੇਸ਼ਨ ਖਰਾਬ ਹੋਣ ਕਾਰਨ ਮੋਟਰਾਂ ਨੇ ਸੀਵਰੇਜ ਦੀਆਂ ਲਾਈਨਾਂ ਤੋਂ ਪਾਣੀ ਖਿੱਚਣਾ ਬੰਦ ਕਰ ਦਿੱਤਾ ਅਤੇ ਸ਼ਹਿਰ ਦਾ ਓਵਰਫਲੋਅ ਜੈਕਬ ਡਰੇਨ ਵਿੱਚ ਨਹੀਂ ਜਾ ਸਕਿਆ। ਸਥਿਤੀ ਨੂੰ ਠੀਕ ਕਰਨ ਲਈ, ਜੈਕਬ ਡਰੇਨ ਵਿਚਲੇ ਆਰਜ਼ੀ ਡੈਮ ਨੂੰ ਹਟਾ ਦਿੱਤਾ ਗਿਆ ਤਾਂ ਜੋ ਜੈਕਬ ਡਰੇਨ ਵਿਚਲੇ ਓਵਰਫਲੋਅ ਨੂੰ ਅੱਗੇ ਵਧਾਇਆ ਜਾ ਸਕੇ।
ਉਧਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਹੈ ਕਿ ਬਾਰਸ਼ ਦੌਰਾਨ ਸ਼ਹਿਰ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਨਿਗਮ ਦੀ ਇੰਜਨੀਅਰਿੰਗ ਟੀਮ ਨੂੰ ਮੁਸਤੈਦ ਕਰ ਦਿੱਤਾ ਗਿਆ ਹੈ। ਨਾਲਿਆਂ ਤੇ ਨਾਲੀਆਂ ਵਿੱਚ ਪਾਣੀ ਦਾ ਵਹਾਅ ਪ੍ਰਭਾਵਿਤ ਨਾ ਹੋਵੇ, ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਮਾਲਕਾਂ ਨੂੰ ਚਾਹੀਦਾ ਹੈ ਕਿ ਉਹ ਗੋਬਰ ਨੂੰ ਸੀਵਰੇਜ ਜਾਂ ਨਾਲੀਆਂ ਵਿੱਚ ਨਾ ਸੁੱਟਣ ਅਤੇ ਪਲਾਸਟਿਕ ਲਿਫਾਫੇ ਆਦਿ ਸੁੱਟਣ ਤੋਂ ਲੋਕਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਬਰਸਾਤੀ ਪਾਣੀ ਵਿੱਚ ਇਹ ਸਮੱਗਰੀ ਰੁਕਾਵਟ ਨਾ ਬਣੇ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਭਾਰੀ ਬਾਰਸ਼ ਉੱਚੀਆਂ ਜ਼ਮੀਨਾਂ ਵਾਲੇ ਕਿਸਾਨਾਂ ਲਈ ਵਰਦਾਨ ਤੇ ਨੀਵੀਆਂ ਜ਼ਮੀਨਾਂ ਵਾਲੇ ਕਿਸਾਨਾਂ ਲਈ ਆਫ਼ਤ ਸਾਬਤ ਹੋਈ ਹੈ ਕਿਉਂਕਿ ਮੁੜ ਤੋਂ ਲਾਏ ਝੋਨੇ ਦੇ ਖੇਤ ਪਾਣੀ ਵਿੱਚ ਡੁੱਬ ਗਏ ਹਨ। ਸਰਕਾਰ ਵੱਲੋਂ ਹੋਏ ਨੁਕਾਸਨ ਦੀ ਵਿਸ਼ੇਸ਼ ਗਿਰਦਾਵਰੀ ਦਾ ਅਜੇ ਤਕ ਕੋਈ ਐਲਾਨ ਨਹੀਂ ਹੋਇਆ ਜਦੋਂ ਕਿ ਉਨ੍ਹਾਂ ਨੂੰ ਭਾਰੀ ਨੁਕਸਨ ਝੱਲਣਾ ਪੈ ਰਿਹਾ ਹੈ।
ਪਿੰਡ ਸੁਤਰਾਣਾ ਦੇ ਡੇਰਾ ਬਾਬੂਆਂ ਕੋਲ 50 ਏਕੜ, ਬਾਦਸ਼ਾਹਪੁਰ ਕੋਲ 20 ਏਕੜ, ਦਫਤਰੀ ਵਾਲਾ ਨੇੜੇ 50 ਏਕੜ, ਧਹੂੜ ਦੇ 30 ਏਕੜ ਅਤੇ ਗੁਲਾੜ੍ਹ ਦੇ 200 ਏਕੜ ਦੇ ਕਰੀਬ ਝੋਨਾ ਡੁੱਬਿਆ ਹੋਇਆ ਹੈ। ਇਨ੍ਹਾਂ ਨੀਵੀਆਂ ਥਾਵਾਂ ਤੋਂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਿਸਾਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੈਇੰਦਰ ਸਿੰਘ ਬਾਜਵਾ, ਸਰਬਜੀਤ ਸਿੰਘ, ਬੀਰਿੰਦਰ ਸਿੰਘ, ਸੰਗਰਾਮ ਸਿੰਘ, ਤੇਗ਼ਪ੍ਰਤਾਪ ਸਿੰਘ, ਇੰਦਰਬੀਰ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਆਕਾਸ਼ਦੀਪ ਸਿੰਘ, ਬਲਜੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਕਰਤਾਰਪੁਰ ਵੱਲੋਂ ਪੁਰਾਣੇ ਘੱਗਰ ਵਿੱਚ ਆਇਆ ਬਰਸਾਤੀ ਪਾਣੀ ਉਨ੍ਹਾਂ ਦੀਆਂ ਨੀਵੀਆਂ ਜ਼ਮੀਨਾਂ ਵਿੱਚ ਇਕੱਠਾ ਹੋ ਗਿਆ ਹੈ ਜਿਸ ਨਾਲ ਉਨ੍ਹਾਂ ਦੇ ਤਕਰੀਬਨ ਪੰਜਾਹ ਏਕੜ ਝੋਨੇ ਦੇ ਖੇਤ ਦੂਸਰੀ ਵਾਰ ਪਾਣੀ ਵਿੱਚ ਡੁੱਬ ਗਏ ਹਨ। ਉਨ੍ਹਾਂ ਨੂੰ ਦੋਹਰੀ ਲਵਾਈ ਦੀ ਮਾਰ ਪੈ ਗਈ ਹੈ। ਕਿਉਂਕਿ ਲੋਕਾਂ ਵੱਲੋਂ ਕਰਤਾਰਪੁਰ ਤੋਂ ਲੈ ਕੇ ਨੂਰਪੁਰ ਗੁਲਾੜ੍ਹ ਹੋਤੀਪੁਰ ਤੱਕ ਪੁਰਾਣੇ ਘੱਗਰ ਤੇ ਕਬਜ਼ਾ ਕਰ ਲੈਣ ਨਾਲ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ। ਪਿੱਛੋਂ ਆਇਆ ਪਾਣੀ ਹਰ ਸਾਲ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਕਰ ਦਿੰਦਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੇ ਘੱਗਰ ਤੋਂ ਲੋਕਾਂ ਦਾ ਕਬਜ਼ਾ ਹਟਵਾ ਕੇ ਇਸ ਨੂੰ ਅਗਲੇ ਪਿੰਡ ਤੱਕ ਚਾਲੂ ਕਰਵਾਇਆ ਜਾਵੇ ਜਾਂ ਪਾਈਪ ਲਾਈਨ ਪਾਵਾ ਕੇ ਸਮੱਸਿਆ ਦਾ ਹੱਲ ਕੀਤਾ ਜਾਵੇ।