ਨਿੱਜੀ ਪੱਤਰ ਪ੍ਰੇਰਕ
ਸਮਾਣਾ, 29 ਜਨਵਰੀ
ਸੱਤਾਧਾਰੀ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਮੌਜੂਦਾ ਉਮੀਦਵਾਰ ਖ਼ਿਲਾਫ਼ ਹਲਕਾ ਵਾਸੀਆਂ ਦਾ ਗੁੱਸਾ ਹੁਣ ਚੋਣਾਂ ਵਿੱਚ ਨਿਕਲੇ ਕੇ ਬਾਹਰ ਆ ਰਿਹਾ ਹੈ। ਅੱਜ ਕੁਝ ਦੁਕਾਨਦਾਰਾਂ ਨੇ ਬਿਨਾਂ ਅਨੁਮਤੀ ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਲਗਾਏ ਕਾਂਗਰਸੀ ਉਮੀਦਵਾਰ ਦੇ ਪੋਸਟਰਾਂ ’ਤੇ ਕਾਲਖ਼ ਮਲ ਦਿੱਤੀ। ਸਥਾਨਕ ਵੜੈਚਾ ਰੋਡ ’ਤੇ ਸਥਿਤ ਦੁਕਾਨਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਹਲਕੇ ਵਿੱਚ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਸ ਦੀ ਦੁਕਾਨ ਦੇ ਨਵੇਂ ਕਰਵਾਏ ਪੇਂਟ ਨੂੰ ਇਨ੍ਹਾਂ ਨੇ ਪੋਸਟਰ ਲਗਾ ਕੇ ਖ਼ਰਾਬ ਕਰ ਦਿੱਤਾ ਹੈ। ਉਸਨੇ ਕਿਹਾ ਕਿ ਜੇ ਪੋਸਟਰ ਲਗਾਉਣੇ ਹਨ ਤਾਂ ਦਿਨ ਵਿੱਚ ਲਗਾਓ ਤੇ ਦੁਕਾਨ ਜਾਂ ਘਰ ਦੇ ਮਾਲਕ ਨੂੰ ਪੁੱਛ ਕੇ ਲਗਾਓ। ਰਾਤ ਦੇ ਹਨੇਰੇ ਵਿੱਚ ਕਿਸੇ ਦੇ ਵੀ ਘਰ ਜਾਂ ਦੁਕਾਨ ਦੇ ਬਾਹਰ ਪੋਸਟਰ ਲਗਾ ਕੇ ਦੀਵਾਰਾਂ ਖ਼ਰਾਬ ਕਰਨ ਦਾ ਕਿਸੇ ਨੂੰ ਹੱਕ ਨਹੀਂ। ਇੰਜ ਹੀ ਗੁਰਮੇਲ ਸਿੰਘ ਨੇ ਕਿਹਾ ਕਿ ਉਹ ਆਪਣੀ ਬੁਢਾਪਾ ਪੈਨਸ਼ਨ ਲਈ ਨਗਰ ਕੌਂਸਲ ਪ੍ਰਧਾਨ ਕੋਲ ਚੱਕਰ ਮਾਰਦਾ ਰਿਹਾ ਪਰ ਪ੍ਰਧਾਨ ਨੇ ਉਸਨੂੰ ਪਰਚੀ ਤੱਕ ਨਹੀਂ ਦਿੱਤੀ ਜਿਸ ਕਾਰਨ ਉਸਦੀ ਬੁੱਢਾਪਾ ਪੈਨਸ਼ਨ ਨਹੀਂ ਲੱਗ ਸਕੀ। ਉਸਨੇ ਕਿਹਾ ਕਿ ਜੇ ਫ਼ਿਰ ਤੋਂ ਇਨ੍ਹਾਂ ਨੇ ਦੁਕਾਨ ਅੱਗੇ ਪੋਸਟਰ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੋਸਟਰ ’ਤੇ ਕਾਲਖ਼ ਮਲੇਗਾ।