ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ‘ਚ ਅੱਜ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਉਤਸ਼ਾਹ ਨਾਲ ਹੋਇਆ। ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿੱਚ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਪੁੱਜੇ। ਖੇਡਾਂ ਦੀ ਸ਼ੁਰੂਆਤ ਮੌਕੇ ਏਸ਼ੀਅਨ ਖੇਡਾਂ ਦੇ ਮੈਡਲਿਸਟ ਪਹਿਲਵਾਨ ਗੁਰਮੁਖ ਸਿੰਘ ਨੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ‘ਚ ਖੇਡ ਭਾਵਨਾ ਨਾਲ ਹਿੱਸਾ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ, ਪਟਿਆਲਾ ਸ਼ਹਿਰੀ ਦੀਆਂ ਖੇਡਾਂ ਪੋਲੋ ਗਰਾਊਂਡ, ਪਟਿਆਲਾ ਦਿਹਾਤੀ ਦੀਆਂ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ, ਨਾਭਾ ਬਲਾਕ ਦੀਆਂ ਸਰਕਾਰੀ ਰਿਪੁਦਮਨ ਕਾਲਜ ਅਤੇ ਭੁਨਰਹੇੜੀ ਬਲਾਕ ਦੀਆਂ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਵਿੱਚ ਸ਼ੁਰੂ ਹੋਈਆਂ ਹਨ ਜੋਕਿ 4 ਸਤੰਬਰ ਤੱਕ ਚੱਲਣਗੀਆਂ। ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ 10 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਅੱਜ ਇਨ੍ਹਾਂ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲਿਆ ਹੈ।
ਦੇਵੀਗੜ੍ਹ (ਪੱਤਰ ਪ੍ਰੇਰਕ): ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਸਥਿਤ ਸ਼ਹੀਦ ਊਧਮ ਸਿੰਘ ਸਟੇਡੀਅਮ ਵਿੱਚ ਅੱਜ ਐੱਸਡੀਐੱਮ ਕ੍ਰਿਪਾਲਵੀਰ ਸਿੰਘ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਖੇਡਾਂ ਦਾ ਰਸਮੀ ਆਗਾਜ਼ ਕੀਤਾ। ਇਸ ਦੌਰਾਨ ਸਟੇਡੀਅਮ ਵਿੱਚ ਇਕ ਬੂਟਾ ਵੀ ਲਗਾਇਆ। ਇਸ ਮੌਕੇ ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ ਨੇ ਖਿਡਾਰੀਆਂ ਦੀ ਹੌਂਸਲਾ-ਅਫਜ਼ਾਈ ਕੀਤੀ। ਅੱਜ ਹੋਈਆਂ ਖੇਡਾਂ ਵਿੱਚ ਅਪੋਲੋ ਪਬਲਿਕ ਸਕੂਲ ਦੇਵੀਗੜ੍ਹ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਵਿੱਚ ਲੜਕੀਆਂ ਦੀ ਵਾਲੀਬਾਲ ਟੀਮ ਨੇ ਅੰਡਰ-17 ਉਮਰ ਵਰਗ ਵਿੱਚ ਬਲਾਕ ਭੁਨਰਹੇੜੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਫਾਈਨਲ ਮੁਕਾਬਲੇ ਵਿੱਚ ਅਪੋਲੋ ਸਕੂਲ ਦੀਆਂ ਖਿਡਾਰਨਾਂ ਨੇ ਸਰਕਾਰੀ ਹਾਈ ਸਕੂਲ ਗੰਗਰੌਲਾ ਨੂੰ ਮਾਤ ਦਿੱਤੀ।