ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਜਨਵਰੀ
ਪੋਹ ਦੇ ਮਹੀਨੇ ਹੋਈ ਭਾਰੀ ਬਰਸਾਤ ਕਾਰਨ ਨੀਵੀਆਂ ਥਾਵਾਂ ’ਤੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਭਰਿਆ ਪਾਣੀ ਕਿਸਾਨਾਂ ਲਈ ਅਜੇ ਵੀ ਮੁਸੀਬਤ ਬਣਿਆ ਹੋਇਆ ਹੈ। ਖੇਤਾਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਕਣਕ ਦੀ ਫ਼ਸਲ ਖ਼ਰਾਬ ਹੋਣ ਦਾ ਡਰ ਕਿਸਾਨਾਂ ਨੂੰ ਵੱਢ ਵੱਢ ਖਾਣ ਲੱਗਾ ਹੈ। ਕਈ ਦਿਨਾਂ ਤੋਂ ਖੇਤਾਂ ਵਿੱਚ ਖੜ੍ਹੇ ਪਾਣੀ ਕਾਰਨ ਕਣਕਾਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਗਿਆ ਹੈ। ਫ਼ਸਲਾਂ ਨੂੰ ਬਚਾਉਣ ਲਈ ਕਣਕ ਦੇ ਖੇਤਾਂ ਵਿੱਚ ਜੇਸੀਬੀ ਨਾਲ ਡੂੰਘੇ ਟੋਏ ਪੁੱਟਣ ਅਤੇ ਇੰਜਣਾਂ ਦੀ ਮਦਦ ਨਾਲ ਪਾਣੀ ਰਜਬਾਹਿਆਂ ਵਿੱਚ ਸੁੱਟਣ ਲਈ ਕਿਸਾਨਾਂ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਸਬ ਡਿਵੀਜ਼ਨ ਪਾਤੜਾਂ ਦੇ ਘੱਗਰ ਦੇ ਕੰਢਿਆਂ ਨੇੜੇ ਵਸੇ ਜ਼ਿਆਦਾਤਰ ਪਿੰਡਾਂ ਦੀ ਸਖ਼ਤ ਕਿਸਮ ਦੀ ਜ਼ਮੀਨ ਹੈ, ਉਥੇ ਕਣਕ ਸਮੇਤ ਹੋਰ ਫ਼ਸਲਾਂ ਵਿੱਚ ਬਰਸਾਤ ਦਾ ਭਰਿਆ ਪਾਣੀ ਮਾਰੂ ਸਾਬਤ ਹੋ ਰਿਹਾ ਹੈ।
ਘੱਗਰ ਪੱਟੀ ਦੇ ਪਿੰਡ ਨਾਈਵਾਲਾ, ਗੁਲਾੜ੍ਹ, ਜੋਗੇਵਾਲਾ, ਸ਼ੁਤਰਾਣਾ, ਕਰਤਾਰਪੁਰ, ਰਸੌਲੀ, ਸਧਾਰਨਪੁਰ ਸਮੇਤ ਦਰਜਨ ਤੋਂ ਵੱਧ ਹੋਰ ਪਿੰਡਾਂ ਵਿੱਚ ਹਜ਼ਾਰਾਂ ਏਕੜ ਫ਼ਸਲਾਂ ਵਿੱਚ ਪਾਣੀ ਖੜ੍ਹਾ ਹੋਇਆ ਹੈ। ਪਿੰਡ ਗੁਲਾੜ ਵਾਸੀ ਸੁਖਪਾਲ ਸਿੰਘ, ਗਗਨਦੀਪ ਸਿੰਘ ਤੇ ਸੁਧਪਾਲ ਸਿੰਘ ਜੋਗੇਵਾਲ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਕਰਜ਼ੇ ਦੀ ਦਲਦਲ ਵਿੱਚ ਫਸੀ ਕਿਸਾਨੀ ਨੂੰ ਕੁਦਰਤ ਦੀ ਮਾਰ ਕਾਰਨ ਵੱਡੇ ਆਰਥਿਕ ਘਾਟੇ ਝੱਲਣੇ ਪੈ ਰਹੇ ਹਨ ਪਰ ਸਰਕਾਰਾਂ ਘਾਟੇ ਦਾ ਸੌਦਾ ਬਣ ਚੁੱਕੀ ਕਿਸਾਨੀ ਨੂੰ ਬਚਾਉਣ ਤੋਂ ਪਾਸਾ ਵੱਟ ਰਹੀਆਂ ਹਨ। ਕਿਸਾਨਾਂ ਵੱਲੋਂ ਫਸਲਾਂ ਨੂੰ ਬਚਾਉਣ ਲਈ ਜੇਸੀਬੀ ਮਸ਼ੀਨਾਂ ਨਾਲ ਖੇਤਾਂ ਵਿੱਚ ਹੀ ਵੱਡੇ ਵੱਡੇ ਟੋਏ ਪੁੱਟ ਕੇ ਉਨ੍ਹਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਕੁਝ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਖੇਤਾਂ ਵਿੱਚ ਖੜ੍ਹਾ ਪਾਣੀ ਇੰਜਣਾਂ ਦੀ ਮੱਦਦ ਨਾਲ ਰਜਵਾਹਿਆਂ ਵਿੱਚ ਸੁੱਟਣ ਲੱਗੇ ਹੋਏ ਹਨ।
ਇਸ ਦੌਰਾਨ ਕੁਦਰਤ ਦੀ ਕਰੋਪੀ ਦਾ ਕਹਿਰ ਝੱਲ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਨੇ ਕਿਹਾ ਕਿ ਚੋਣ ਜ਼ਾਬਤਾ ਲੱਗ ਜਾਣ ਕਰਕੇ ਭਾਵੇਂ ਸਰਕਾਰ ਦੇ ਹੱਥ ਬੰਨ੍ਹੇ ਗਏ ਹਨ ਪਰ ਆਉਣ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਰਾਹਤ ਦੇਣ ਲਈ ਯੋਗ ਮੁਆਵਜ਼ਾ ਦੇਣ ਲਈ ਕੋਸ਼ਿਸ਼ ਕਰੇ।