ਪੱਤਰ ਪ੍ਰੇਰਕ
ਪਟਿਆਲਾ, 9 ਨਵੰਬਰ
ਅੱਜ ਕਬੱਡੀ (ਸਰਕਲ ਸਟਾਈਲ), ਆਰਚਰੀ ਤੇ ਖੋ-ਖੋ ਦੇ ਸੂਬਾ ਪੱਧਰੀ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ ਤੇ ਜਿਮਨਾਸਟਿਕ ਦੇ ਮੁਕਾਬਲੇ 11 ਨਵੰਬਰ ਤੱਕ ਚੱਲਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅੱਜ ਆਖ਼ਰੀ ਦਿਨ ਲਗਭਗ ਤਿੰਨ ਹਜ਼ਾਰ ਖਿਡਾਰੀ ਅਤੇ ਖਿਡਾਰਨਾਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ। ਉਨ੍ਹਾਂ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ ਉਮਰ ਵਰਗ 21-30 ਲੜਕੀਆਂ ਵਿੱਚ ਫਾਈਨਲ ਮੁਕਾਬਲਿਆਂ ਵਿੱਚ ਸੰਗਰੂਰ ਨੇ ਪਹਿਲਾ, ਫ਼ਰੀਦਕੋਟ ਨੇ ਦੂਜਾ ਅਤੇ ਜਲੰਧਰ ਅਤੇ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੜਕਿਆਂ ਵਿੱਚ ਪਟਿਆਲਾ ਨੇ ਪਹਿਲਾ, ਸੰਗਰੂਰ ਨੇ ਦੂਜਾ, ਮਾਨਸਾ ਤੇ ਫ਼ਾਜ਼ਿਲਕਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਿਕ ਉਮਰ ਵਰਗ ਅੰਡਰ-14 ਲੜਕੀਆਂ ਟੀਮ ਈਵੈਂਟ ਵਿੱਚ ਅੰਮ੍ਰਿਤਸਰ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿੱਚ ਮੁਹਾਲੀ ਨੇ ਪਹਿਲਾ, ਜਲੰਧਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਰਿਥਮਿਕ ਹੂਪ ਈਵੈਂਟ ਵਿੱਚ ਹਰਮਨਜੀਤ ਕੌਰ ਅੰਮ੍ਰਿਤਸਰ ਨੇ ਪਹਿਲਾ, ਸਿਮਰਤ ਜਲੰਧਰ ਨੇ ਦੂਸਰਾ ਅਤੇ ਚਰਨਪ੍ਰੀਤ ਕੌਰ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਕਲੱਬ ਈਵੈਂਟ ਵਿੱਚ ਹਰਮਨਜੀਤ ਕੌਰ ਅੰਮ੍ਰਿਤਸਰ ਨੇ ਪਹਿਲਾ, ਈਸ਼ਾ ਬੀਰ ਮੁਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੀਬਨ ਈਵੈਂਟ ਵਿੱਚ ਸਿਮਰਤ ਜਲੰਧਰ ਨੇ ਪਹਿਲਾ ਮਨਜੋਤ ਬਰਨਾਲਾ ਨੇ ਦੂਜਾ ਅਤੇ ਸਾਨਵੀ ਅੰਮ੍ਰਿਤਸਰ ਅਰਾਧਿਆ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਦੇ ਅੰਤਰ ਰਾਸ਼ਟਰੀ ਖਿਡਾਰੀ ਤੇ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆ ਦੀ ਸ਼ੁਰੂਆਤ ਕਰਕੇ ਸੂਬੇ ਅੰਦਰ ਖੇਡ ਸਭਿਆਚਾਰ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਤਿੰਨ ਸਾਲਾਂ ਤੋਂ ਹੋ ਰਹੀਆਂ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ, ਜੋ ਇਨ੍ਹਾਂ ਖੇਡਾਂ ਦੀ ਲੋਕ ਪ੍ਰੀਤਾ ਦੀ ਉਦਾਹਰਣ ਹੈ। ਉਹ ਅੱਜ ਪਟਿਆਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਕਬੱਡੀ, ਆਰਚਰੀ ਤੇ ਖੋ-ਖੋ ਦੇ ਸੂਬਾ ਪੱਧਰੀ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕਰ ਰਹੇ ਸਨ।