ਸਰਬਜੀਤ ਸਿੰਘ ਭੰਗੂ
ਸਨੌਰ, 30 ਜੁਲਾਈ
ਹਲਕਾ ਸਨੌਰ ਦੇ ਮੋਹਤਬਰਾਂ, ਖ਼ਾਸ ਕਰ ਕੇ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ (ਹੈਰੀਮਾਨ) ਦੇ ਯਤਨਾਂ ਸਦਕਾ ਸਨੌਰ ਅਤੇ ਦੇਵੀਗੜ੍ਹ ਨੂੰ ਜਾਂਦੀ ਸੜਕ ’ਤੇ ਪੈਂਦੀਆਂ ਕੈਂਚੀਆਂ ਵਾਲ਼ੇ ਚੌਕ ਵਿਚ ਸ਼ਹੀਦ ਊਧਮ ਸਿੰੰਘ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਪੰਚਾਇਤ ਸਮਿਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ ਨੇ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਗਿਆਰਾਂ ਲੱਖ ਰੁਪਏ ਖ਼ਰਚ ਆਏ ਹਨ। ਇੱਕ ਹੋਰ ਕਾਂਗਰਸ ਆਗੂ ਨੇ ਕਿਹਾ ਕਿ ਹਲਕਾ ਸਨੌਰ ਨਾਲ਼ ਸਬੰਧਿਤ ਕੰਬੋਜ ਭਾਈਚਾਰੇ ਦੇ 35 ਹਜ਼ਾਰ ਤੋਂ ਵੀ ਵੱਧ ਵਸਨੀਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ, ਸਨੌਰ ਦੇ ਹਲਕਾ ਇੰਚਾਰਜ ਹੈਰੀਮਾਨ ਨੇ ਇੱਥੇ ਇਹ ਬੁੱਤ ਸਥਾਪਤ ਕਰਨ ਦਾ ਤਹੱਈਆ ਕਰ ਕੇ ਸ਼ਹੀਦ ਪ੍ਰਤੀ ਵੀ ਸ਼ਰਧਾ ਅਰਪਿਤ ਕੀਤੀ ਹੈ। ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ ਦਾ ਤਰਕ ਸੀ ਕਿ ਦੇਸ ਦੀ ਆਜ਼ਾਦੀ ਵਿਚ ਪੰਜਾਬੀਆਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਹਨ। ਇਸ ਦੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸ਼ਮਸ਼ਪੁਰ ਤੇ ਹੋਰਾਂ ਨੇ ਸ਼ਲਾਘਾ ਕੀਤੀ ਹੈ।ਚੇਅਰਮੈਨ ਅਸ਼ਵਨੀ ਬੱਤਾ ਅਤੇ ਨਗਰ ਕੌਂਸਲ ਸਨੌਰ ਦੇ ਮੀਤ ਪ੍ਰਧਾਨ ਹਰਜਿੰਦਰ ਹਰੀਕਾ ਨੇ ਦੱਸਿਆ ਕਿ 31 ਜੁਲਾਈ ਨੂੰ ਸ਼ਹੀਦੀ ਦਿਹਾੜ ਮੌਕੇ ਸ੍ਰੀ ਹੈਰੀਮਾਨ ਵੱਲੋਂ ਸ਼ਹੀਦ ਦੇ ਬੁੱਤ ਦਾ ਰਸਮੀ ਉਦਘਾਟਨ ਕਰਨ ਮਗਰੋਂ ਸ਼ਹੀਦ ਊਧਮ ਸਿੰਘ ਪਾਰਕ ਸਨੌਰ ਵਿਚ ਸ਼ਹੀਦ ਨਮਿੱਤ ਸ਼ਰਧਾਂਜਲੀ ਸਮਾਰੋਹ ਕੀਤਾ ਜਾਵੇਗਾ।