ਨਿੱਜੀ ਪੱਤਰ ਪ੍ਰੇਰਕ
ਨਾਭਾ, 23 ਫਰਵਰੀ
ਨੇੜਲੇ ਪਿੰਡ ਸੌਜਾ ਵਿੱਚ ਆਵਾਰਾ ਕੁੱਤਿਆਂ ਨੇ ਇੱਕ 80 ਸਾਲਾ ਬਜ਼ੁਰਗ ਨੂੰ ਕਥਿਤ ਨੋਚ ਨੋਚ ਕੇ ਮਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਰਾ ਬੀਤੇ ਦਿਨ ਜਦੋਂ ਕਿਸਾਨ ਜੀਤ ਸਿੰਘ ਆਪਣੇ ਖੇਤ ਤੋਂ ਘਰ ਨਾ ਮੁੜਿਆ ਤਾਂ ਪਰਿਵਾਰ ਨੇ ਜੀਤ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਿੰਡ ਵੱਲ ਆਉਂਦੇ ਰਾਹ ’ਤੇ ਲਹੂ ਲੁਹਾਨ ਹਾਲਤ ਵਿੱਚ ਜੀਤ ਸਿੰਘ ਦੀ ਲਾਸ਼ ਪਈ ਮਿਲੀ ਤੇ ਉਸ ਦੇ ਸਰੀਰ ਨੂੰ ਕੁੱਤਿਆਂ ਨੇ ਕਈ ਥਾਂ ਤੋਂ ਖਾਧਾ ਹੋਇਆ ਸੀ। ਸਰਪੰਚ ਬਹਾਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਵੀ ਕਈ ਵਾਰ ਆਵਾਰਾ ਕੁੁੱਤਿਆਂ ਦੇ ਹਮਲੇ ਕਰਕੇ ਕਈ ਜਣੇ ਜ਼ਖ਼ਮੀ ਹੋ ਚੁੱਕੇ ਹਨ ਤੇ ਲੋਕਾਂ ਨੂੰ ਆਪਣੇ ਬੱਚਿਆਂ ਦੀ ਜਾਨ ਦਾ ਡਰ ਸਤਾਉਣ ਲੱਗ ਪਿਆ ਹੈ। ਨੰਬਰਦਾਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਨਾਲ ਦੇ ਪਿੰਡ ਕੱਲਾਹ ਮਾਜਰਾ ਦੇ ਬਲਵਿੰਦਰ ਸਿੰਘ ਨੂੰ ਵੀ ਬੀਤੇ ਕੱਲ੍ਹ ਕੁੱਤਿਆਂ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਮਗਰੋਂ ਉਹ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਜ਼ੇਰੇ ਇਲਾਜ ਹੈ। ਨਾਭਾ ਸਦਰ ਪੁਲੀਸ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਸਿਵਲ ਪ੍ਰਸ਼ਾਸਨ ਨੂੰ ਵੀ ਇਤਲਾਹ ਦਿੱਤੀ ਗਈ, ਜਿਸ ਮਗਰੋਂ ਨਾਭਾ ਦੇ ਐੱਸਡੀਐੱਮ ਤਰਸੇਮ ਚੰਦ ਨੇ ਪੇਂਡੂ ਵਿਕਾਸ ਵਿਭਾਗ ਨੂੰ ਆਵਾਰਾ ਕੁੱਤਿਆਂ ਦਾ ਕਾਨੂੰਨ ਅਨੁਸਾਰ ਹੱਲ ਕਰਨ ਲਈ ਲਿਖਿਆ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਵਾਰਾ ਜਾਂ ਘਰੇਲੂ ਹਰ ਕਿਸਮ ਦੇ ਕੁੱਤਿਆਂ ਵੱਲੋਂ ਕੀਤੇ ਹਮਲਿਆਂ ਵਿੱਚ ਮੁਆਵਜ਼ੇ ਦੇਣ ਦੇ ਹੁਕਮ ਕੀਤੇ ਸਨ, ਜਿਸ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ।