ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੁਲਾਈ
ਹੜ੍ਹਾਂ ਦੇ ਇਸ ਪ੍ਰਕੋਪ ਦੌਰਾਨ ਜਿੱਥੇ ਅਨੇਕਾਂ ਲੋਕ ਤੇ ਹੋਰ ਸਮਾਜ ਸੇਵਾ ਸੰਸਥਾਵਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਦਿਨ ਰਾਤ ਮਦਦ ਕਰ ਰਹੇ ਹਨ, ਉੱਥੇ ਹੀ ਕਈ ਦੁਕਾਨਦਾਰਾਂ, ਵਿਅਕਤੀਆਂ, ਮਕੈਨਿਕਾਂ ਅਤੇ ਦਵਾਈਆਂ ਵਾਲੇ ਦੁਕਾਨਦਾਰਾਂ ਵੱਲੋਂ ਲੋਕਾਂ ਤੋਂ ਨਿਰਧਾਰਤ ਕੀਮਤਾਂ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ। ਸਬਜ਼ੀ ਮੰਡੀਆਂ ਤੇ ਸਬਜ਼ੀ ਵਾਲੀਆਂ ਰੇਹੜੀਆਂ-ਫੜੀਆਂ ਆਦਿ ’ਤੇ ਵੀ ਜ਼ਿਆਦਾ ਕੀਮਤਾਂ ’ਤੇ ਸਬਜ਼ੀਆਂ ਸਪਲਾਈ ਕੀਤੀਆਂ ਜਾ ਰਹੀਆਂ ਹਨ। ਇਹ ਮਾਮਲਾ ਧਿਆਨ ’ਚ ਆਉਣ ’ਤੇ ਇਸ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਨੋਟਿਸ ਲਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਜਗਜੀਤ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਇਸ ਗਲਤ ਅਤੇ ਗੈਰ ਕਾਨੂੰਨੀ ਕਾਰਵਾਈ ’ਤੇ ਸ਼ਿਕੰਜਾ ਕਸਦਿਆਂ ਟੀਮਾਂ ਬਣਾ ਕੇ ਚੈਕਿੰਗ ਕਰਨ ਦੇ ਆਦੇਸ਼ ਦਿੱਤੇ ਹਨ।