ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 19 ਅਕਤੂਬਰ
ਕਾਂਗਰਸ ਵੱਲੋਂ 2017 ਦੀਆਂ ਚੋਣਾਂ ਸਮੇਂ ਪੰਜਾਬ ਦੇ ਮੁਲਾਜ਼ਮਾਂ ਨਾਲ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਨੂੰ ਯਾਦ ਕਰਾਉਣ ਅਤੇ ਬਿਜਲੀ ਮੁਲਾਜ਼ਮਾਂ ਨੂੰ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰਨ ਲਈ ਚੇਤੰਨ ਕਰਨ ਵਾਸਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ 22 ਅਕਤੂਬਰ ਤੋਂ 20 ਨਵੰਬਰ ਤੱਕ ਪੰਜਾਬ ਦੇ ਸਾਰੇ ਸਰਕਲਾਂ ਵਿੱਚ ਕਨਵੈਨਸ਼ਨਾਂ ਕਰਨ ਦਾ ਫ਼ੈਸਲਾ ਕੀਤਾ ਗਿਆਹੈ।
ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਐਂਪਲਾਈਜ਼ ਫੈੱਡਰੇਸ਼ਨ ਏਟਕ, ਐਂਪਲਾਈਜ਼ ਫੈਡਰੇਸ਼ਨ ਚਾਹਲ, ਆਈ.ਟੀ.ਆਈ ਐਂਪਲਾਈਜ਼ ਐਸੋਸੀਏਸ਼ਨ, ਐਂਪਲਾਈਜ਼ ਫੈੱਡਰੇਸ਼ਨ ਪਾਵਰਕੌਮ ਤੇ ਟਰਾਂਸਕੋ ਦੇ ਸੂਬਾਈ ਆਗੂਆਂ ਹਰਭਜਨ ਸਿੰਘ ਪਿਖਲਣੀ, ਗੁਰਵੇਲ ਸਿੰਘ ਬੱਲਪੁਰੀਆਂ, ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ ਲਹਿਰਾਂ ਅਤੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਲਾਗੂ ਕਰਨ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਦੀ ਇਸ ਨੀਤੀ ਵਿਰੁੱਧ 22 ਅਕਤੂਬਰ ਤੋਂ ਪਟਿਆਲਾ ਸ਼ਹਿਰ ਵਿਚੋਂ ਕਨਵੈਨਸ਼ਨਾਂ ਦੀ ਸ਼ੁਰੂਆਤ ਕੀਤੀ ਜਾਵੇਗੀ। 27 ਅਕਤੂਬਰ ਰੋਪੜ ਸਰਕਲ ਅਤੇ ਰੋਪੜ ਥਰਮਲ, 28 ਅਕਤੂਬਰ ਜਲੰਧਰ, ਹੁਸਿਆਰਪੁਰ ਅਤੇ ਨਵਾਂ ਸ਼ਹਿਰ, 29 ਅਕਤੂਬਰ ਸੰਗਰੂਰ ਤੇ ਬਰਨਾਲਾ, 3 ਨਵੰਬਰ ਗੁਰਦਾਸਪੁਰ, 4 ਨਵੰਬਰ ਅੰਮ੍ਰਿਤਸਰ ਦਿਹਾਤੀ ਤੇ ਸ਼ਹਿਰੀ, 5 ਨਵੰਬਰ ਤਰਨ ਤਾਰਨ, 11 ਨਵੰਬਰ ਬਠਿੰਡਾ ਤੇ ਲਹਿਰਾਂ ਮਹੁੱਬਤ, 12 ਨਵੰਬਰ ਫ਼ਿਰੋਜ਼ਪੁਰ ਤੇ ਫ਼ਰੀਦਕੋਟ, 17 ਨਵੰਬਰ ਖੰਨਾ ਸਰਕਲ, 18 ਨਵੰਬਰ ਲੁਧਿਆਣਾ ਪੂਰਬ, ਪੱਛਮ ਤੇ ਦਿਹਾਤੀ, 20 ਨਵੰਬਰ ਮੁਹਾਲੀ ਸਰਕਲ ਵਿਚ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ।
ਜਥੇਬੰਦੀਆਂ ਦੇ ਆਗੂਆਂ ਨੇ ਟਰਾਂਸਮਿਸ਼ਨ, ਵਰਕਸਾਂ ਐਮ.ਈ, ਸਬ-ਸਟੇਸ਼ਨਾਂ, ਸਟੋਰਾਂ ਸਣੇ ਹੋਰਨਾ ਥਾਵਾਂ ’ਤੇ ਕੰਮ ਕਰਦੇ ਬਿਜਲੀ ਮੁਲਾਜ਼ਮ ਨੂੰ ਨੇੜਲੇ ਵੰਡ ਸਰਕਲਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।