ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਅਗਸਤ
ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਭੜਕੇ ਵਿਦਿਆਰਥੀਆਂ ਨੇ ਗਾਇਕ ਗੁਰਦਾਸ ਮਾਨ ਦਾ ਪੁਤਲਾ ਸਾੜ ਕੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਕਿ ਇਸ ਅਖੌਤੀ ਗਾਇਕ ਤੋਂ ਤੁਰੰਤ ਡੀ. ਲਿਟ ਦੀ ਡਿਗਰੀ ਵਾਪਸ ਲਈ ਜਾਵੇ, ਕਿਉਂਕਿ ਇਸ ਦੀ ਹਰਕਤ ਕਾਰਨ ਕਰੋੜਾਂ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ। ਜ਼ਿਕਰਯੋਗ ਹੈ ਕਿ ਸੰਗਤਾਂ ਦੇ ਵਿਰੋਧ ਕਾਰਨ ਗੁਰਦਾਸ ਮਾਨ ਵਿਰੁੱਧ ਧਾਰਾ 295 ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਹੋ ਚੁੱਕਾ ਹੈ ਕਿਉਂਕਿ ਉਸ ਨੇ ਪਿਛਲੇ ਦਿਨੀਂ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਕਿਸੇ ਡੇਰੇ ਦੇ ਮਹੰਤ ਦੀ ਕੁਲ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਾਲ ਜੋੜਿਆ ਸੀ।
ਪੰਜਾਬੀ ਯੂਨੀਵਰਸਿਟੀ ਵਿੱਚ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ (ਸੈਫੀ) ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਗੁਰਦਾਸ ਮਾਨ ਦੀ ਇਸ ਟਿੱਪਣੀ ਨੇ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ 2019 ਵਿੱਚ ਪੰਜਾਬੀ ਭਾਸ਼ਾ ਪ੍ਰਤੀ ਨਕਾਰਾਤਮਿਕ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਕੈਨੇਡਾ ਦੇ ਚੱਲਦੇ ਸ਼ੋਅ ਦੌਰਾਨ ਜਦੋਂ ਚਰਨਜੀਤ ਸਿੰਘ ਸੂਜੋ ਵੱਲੋਂ ਵਿਰੋਧ ਕੀਤਾ ਗਿਆ ਤਾਂ ਗੁਰਦਾਸ ਮਾਨ ਨੇ ਉਨ੍ਹਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜੋ ਨਿੰਦਣਯੋਗ ਸੀ। ਇਸ ਸਬੰਧੀ ਸੈਫੀ ਪਾਰਟੀ ਨੇ ਵਾਈਸ ਚਾਂਸਲਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ, ਜਿਸ ਵਿੱਚ ਮੰਗ ਕੀਤੀ ਗਈ ਕਿ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਗੁਰਦਾਸ ਮਾਨ ਦੀ ਡੀ-ਲਿੱਟ ਦੀ ਡਿਗਰੀ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਹਰਵਿੰਦਰ ਸੰਧੂ, ਖਲੀਲ ਖ਼ਾਨ, ਪ੍ਰਿਤਪਾਲ ਸਿੰਘ, ਮਨਪਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।
ਤਰੱਕੀਆਂ ਲਈ ਉਪ ਕੁਲਪਤੀ ਨੂੰ ਮੰਗ ਪੱਤਰ
ਪਟਿਆਲਾ (ਪੱਤਰ ਪ੍ਰੇਰਕ): ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਇਕਾਈ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਧਾਨ ਸੁਖਬੀਰਪਾਲ ਸਿੰਘ ਘੁੰਮਣ ਦੀ ਅਗਵਾਈ ਵਿਚ ਚੀਫ਼ ਆਰਗੇਨਾਈਜ਼ਰ ਜਗਦੀਸ਼ ਸਿੰਘ, ਜਨਰਲ ਸਕੱਤਰ ਦਵਿੰਦਰਪਾਲ ਸ਼ਰਮਾ ਤੇ ਜਸਵੀਰ ਸਿੰਘ ਸਮੇਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਤਰੱਕੀਆਂ ਵਿਚ ਆਈ ਖੜੋਤ ਨੂੰ ਖ਼ਤਮ ਕਰਨ ਲਈ ਬਣਦੀ ਰੇਸ਼ੋ ਅਨੁਸਾਰ, ਵੱਖ-ਵੱਖ ਕਾਡਰਾਂ ਵਿਚ ਤਰੱਕੀ ਕੋਟੇ ਦੀਆਂ ਖ਼ਾਲੀ ਪਈਆਂ ਆਸਾਮੀਆਂ ਵਿਰੁੱਧ ਬਣਦੀਆਂ ਤਰੱਕੀਆਂ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਇਹ ਵੀ ਮੰਗ ਕੀਤੀ ਗਈ ਹੈ ਕਿ 85ਵੀਂ ਸੋਧ ਅਤੇ ਰਾਖਵਾਂਕਰਨ ਸਬੰਧੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਐੱਮ ਨਾਗਰਾਜ਼ ਅਤੇ ਹਰੀ ਸਿੰਘ ਦੇ ਕੇਸ ਵਿਚ ਦਿੱਤੇ ਫ਼ੈਸਲਿਆਂ/ਹੁਕਮਾਂ ਨੂੰ ਲਾਗੂ ਕੀਤਾ ਜਾਵੇ ਅਤੇ ਕੋਟੇ ਤੋਂ ਵੱਧ ਰਾਖਵਾਂਕਰਨ ਬੰਦ ਕਰਦੇ ਹੋਏ ਯੂਨੀਵਰਸਿਟੀ ਦੇ ਕੰਮਾਂ ਵਿਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇ।