ਖੇਤਰੀ ਪ੍ਰਤੀਨਿਧ
ਪਟਿਆਲਾ, 23 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕਲਾ ਭਵਨ ਵਿੱਚ ਨਾਟਕ ‘ਮੇਰੇ ਲੋਕ’ ਦੀ ਪੇਸ਼ਕਾਰੀ ਕੀਤੀ ਗਈ। ਨੌਜਵਾਨ ਲੇਖਕ ਗੁਰਪ੍ਰੀਤ ਰਟੋਲ ਵੱਲੋਂ ਲਿਖਿਤ, ਵਿਭਾਗ ਮੁਖੀ ਡਾ. ਜਸਪਾਲ ਕੌਰ ਦਿਉਲ ਵੱਲੋਂ ਨਿਰਦੇਸ਼ਤ ਅਤੇ ਮਹੇਸ਼ ਕੁਮਾਰ ਵੱਲੋਂ ਵਿਉਂਤਬੱਧ ਕੀਤੇ ਇਸ ਨਾਟਕ ਦੀ ਪੇਸ਼ਕਾਰੀ ਬੇਹੱਦ ਸਫਲ ਰਹੀ। ਨਾਟਕ ਦੀ ਕਹਾਣੀ ਆਮ ਲੋਕਾਂ ਲਈ ਪ੍ਰਤੀਬੱਧ ਇਕ ਇਮਾਨਦਾਰ ਡਾਕਟਰ ਦੀ ਜ਼ਿੰਦਗੀ ਉੱਪਰ ਕੇਂਦਰਿਤ ਹੈ, ਜੋ ਹਰ ਹਾਲਤ ਵਿਚ ਲੋਕਾਂ ਦੀ ਮਦਦ ਕਰਦਾ ਹੈ। ਉਹ ਜਿੱਥੇ ਆਪਣੇ ਇਲਾਕੇ ਵਿਚਲੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦਾ ਬਿਨਾ ਫ਼ੀਸ ਲਏ ਹੀ ਇਲਾਜ ਕਰਦਾ ਹੈ, ਉੱਥੇ ਹਰ ਮਰੀਜ਼ ਦੇ ਦੁੱਖ ਤਕਲੀਫ਼ ਨੂੰ ਵੀ ਨੀਝ ਨਾਲ ਸੁਣਦਾ ਹੈ। ਉਸ ਵੱਲੋਂ ਅਜਿਹਾ ਕਰਨ ਨਾਲ ਮਰੀਜ਼ਾਂ ਨੂੰ ਮਾਨਸਿਕ ਰੂਪ ਵਿਚ ਸੰਤੁਸ਼ਟੀ ਮਿਲਦੀ ਹੈ ਤੇ ਉਸ ਦੀ ਲੋਕਪ੍ਰਿਅਤਾ ਵਧਦੀ ਹੈ। ਉਹ ਨਾ ਕੇਵਲ ਗਰੀਬ ਲੋਕਾਂ ਲਈ ਇਕ ਮਸੀਹੇ ਵਾਂਗ ਉੱਭਰਦਾ ਹੈ ਸਗੋਂ ਸਿਸਟਮ ਦੇ ਖਿਲਾਫ ਵੀ ਲੜਦਾ ਹੈ। ਇਸ ਸਭ ਨੂੰ ਨਾਟਕ ਵਿੱਚ ਬਿਹਤਰੀਨ ਕਹਾਣੀ ਦੇ ਰੂਪ ਵਿੱਚ ਉਭਾਰਿਆ ਗਿਆ ਹੈ।
ਉਚੇਚੇ ਤੌਰ ’ਤੇ ਪਹੁੰਚੇ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਇੱਥੇ ਜਦੋਂ ਇਕ ਪਾਸੇ ਵਿਗਿਆਨ ਅਤੇ ਇੰਜਨੀਅਰਿੰਗ ਜਿਹੇ ਖੇਤਰਾਂ ਵਿਚ ਅੱਵਲ ਦਰਜੇ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ, ਉੱਥੇ ਹੀ ਕਲਾਵਾਂ ਦੇ ਖੇਤਰ ਵਿਚ ਵੀ ਵੱਡੇ ਪੱਧਰ ’ਤੇ ਕੰਮ ਹੋ ਰਿਹਾ ਹੈ।
ਡਾ. ਜਸਪਾਲ ਦਿਓਲ ਨੇ ਦੱਸਿਆ ਕਿ ਗੁਰਪ੍ਰੀਤ ਰਟੋਲ ਇਸ ਵਿਭਾਗ ਦੇ ਸਾਬਕਾ ਵਿਦਿਆਰਥੀ ਹਨ, ਜੋ ਕਿ ਇਸ ਤੋਂ ਪਹਿਲਾਂ ‘ਕਾਮਾ ਗਾਟਾ ਮਾਰੂ’ ਅਤੇ ‘ਧਰਾਬੀ-1947’ ਜਿਹੇ ਸਫਲ ਨਾਟਕ ਲਿਖ ਚੁੱਕੇ ਹਨ। ਇਸ ਮੌਕੇ ਡਾਇਰੈਕਟਰ ਲੋਕ ਸੰਪਰਕ ਡਾ. ਹੈਪੀ ਜੇਜੀ, ਡਾ. ਸੁਨੀਤਾ ਧੀਰ, ਡਾ. ਗੁਰਚਰਨ ਸਿੰਘ, ਡਾ. ਰਾਜਿੰਦਰ ਲਹਿਰੀ, ਨਮਰਤਾ ਸ਼ਰਮਾ, ਡਾ. ਲੱਖਾ ਲਹਿਰੀ ਆਦਿ ਹਾਜ਼ਰ ਸਨ।