ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜਨਵਰੀ
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੇ ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਸ਼ਹਿਰ ਵਿਚਲੇ ਪ੍ਰਾਈਵੇਟ ਸਦਭਾਵਨਾ ਹਸਪਤਾਲ ਵਿਖੇ ਕਰਵਾਇਆ ਗਿਆ ਕਰੋਨਾ ਵੈਕਸੀਨ ਦਾ ਟੀਕਾਕਰਣ ਅਭਿਆਸ ਸਫ਼ਲਤਾਪੂਰਵਕ ਸੰਪੰਨ ਹੋਇਆ। ਪੰਜਾਬ ’ਚ ਇਸ ਅਭਿਆਸ ਦੇ ਦੂਜੇ ਪੜਾਅ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਚੁਣਿਆ ਗਿਆ ਸੀ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਹਿਲਾਂ ਹੀ ਕੋ-ਵਿਨ ਪੋਰਟਲ ’ਤੇ ਨਾਮ ਦਰਜ ਕਰਵਾਉਣ ਵਾਲ਼ੇ 25-25 ਹੈਲਥ ਕੇਅਰ ਵਰਕਰਾਂ ਨੂੰ ਅੱਜ ਅਜ਼ਮਾਇਸ਼ ਵਜੋਂ ਨਿਰਧਾਰਤ ਥਾਵਾਂ ’ਤੇ ਬੁਲਾਇਆ ਗਿਆ ਸੀ ਜਿਸ ਦੌਰਾਨ ਟੀਕੇ ਲਗਾਉਣ ਦੀ ਪੂਰੀ ਮੌਕ ਡ੍ਰਿਲ ਕੀਤੀ ਗਈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਦੀ ਨਿਗਰਾਨੀ ਹੇਠ ਮੁਕੰਮਲ ਕੀਤੇ ਗਏ ਇਸ ਅਭਿਆਸ ਦਾ ਏਡੀਸੀ (ਵਿਕਾਸ) ਡਾ. ਪ੍ਰੀਤੀ ਯਾਦਵ ਤੇ ਸਿਵਲ ਸਰਜਨ ਡਾ. ਸਤਿੰਦਰ ਪਾਲ ਸਿੰਘ ਨੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਹੇਠ ਕਰੋਨਾ ਟੀਕਾਕਰਣ ਇਲੈਕਟ੍ਰਾਨਿਕ ਐਪਲੀਕੇਸ਼ਨ ਕੋ-ਵਿਨ ਰਾਹੀਂ ਪਹਿਲਾਂ ਪਛਾਣੇ ਗਏ 8800 ਹੈਲਥ ਕੇਅਰ ਵਰਕਰਾਂ ਨੂੰ ਕੀਤਾ ਜਾਵੇਗਾ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ‘ਕੋਵੀਸ਼ੀਲਡ’, ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਡ ਦੀ ‘ਕੋਵੈਕਸੀਨ’ ਤੇ ਕੈਡਿਲਾ ਹੈਲਥਕੇਅਰ ਦੀ ‘ਜਾਇਕੋਵ-ਡੀ’ ਕੋਵਿਡ ਵੈਕਸੀਨ ਭਾਰਤ ’ਚ ਉਪਲਬਧ ਹੋਵੇਗੀ। ਇਸ ਲਈ ਪੰਜਾਬ ’ਚ ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਫ਼ਿਰੋਜ਼ਪੁਰ ਵਿਖੇ ਕੋਲਡ ਸਟੋਰ ਬਣਾਏ ਗਏ ਹਨ। ਰਾਜ ’ਚ ਪਹਿਲੇ ਦੌਰ ’ਚ 1.5 ਲੱਖ ਹੈਲਥ ਕੇਅਰ ਵਰਕਰਾਂ ਨੂੰ ਇਹ ਟੀਕਾ ਮੁਫ਼ਤ ਲਗਾਇਆ ਜਾਣਾ ਹੈ।
ਕਰੋਨਾ: ਨਵੇਂ ਸਾਲ ਦੇ ਪਹਿਲੇ ਤਿੰਨ ਦਿਨਾਂ ’ਚ ਗਈਆਂ ਅੱਠ ਜਾਨਾਂ
ਪਟਿਆਲਾ: ਨਵਾਂ ਵਰ੍ਹਾ ਸ਼ੁਰੂ ਹੁੰਦਿਆਂ ਹੀ ਕਰੋਨਾ ਦਾ ਪ੍ਰਕੋਪ ਮੁੜ ਵੱਧਦਾ ਨਜ਼ਰ ਆ ਰਿਹਾ ਹੈ। ਕਿਉਕਿ ਪਟਿਆਲਾ ਜ਼ਿਲ੍ਹੇ ਅੰਦਰ ਨਵੇਂ ਵਰ੍ਹੇ 2021 ਦੇ ਪਹਿਲੇ ਤਿੰਨ ਦਿਨਾਂ ’ਚ ਹੀ ਅੱਠ ਮੌਤਾਂ ਹੋ ਗਈਆਂ ਹਨ। ਇਨ੍ਹਾਂ ਵਿਚੋਂ ਪੰਜ ਜਣਿਆਂ ਨੇ ਦੋ ਜਨਵਰੀ ਨੂੰ ਤੇ ਤਿੰਨ ਨੇ ਤਿੰਨ ਜਨਵਰੀ ਨੂੰ ਆਪਣੀ ਜਾਨ ਗਵਾਈ। ਇਸ ਤਰ੍ਹਾਂ ਕਰੋਨਾ ਨਾਲ਼ ਮੌਤ ਦੇ ਮੂੰਹ ਜਾਣ ਵਾਲ਼ਿਆਂ ਦੀ ਗਿਣਤੀ ਹੁਣ 485 ਹੋ ਗਈ ਹੈ। ਨਵੇਂ ਆਏ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਫੌਤ ਹੋਏ ਮਰੀਜ਼ਾਂ ਵਿਚ ਪਟਿਆਲਾ ਦੇ ਪ੍ਰੋਫੈਸਰ ਕਲੋਨੀ ਦਾ 61 ਸਾਲਾ, ਨਿਊ ਯਾਦਵਿੰਦਰਾ ਕਲੋਨੀ ਦਾ 55 ਸਾਲਾ ਅਤੇ ਨਾਭਾ ਦੇ ਭਗਵਾਨ ਕਲੋਨੀ ਵਿੱਚ ਰਹਿਣ ਵਾਲਾ 74 ਸਾਲ ਬਜ਼ੁਰਗ ਸ਼ਾਮਲ ਹਨ। ਇਸੇ ਤਰ੍ਹਾਂ ਜਿਹੜੇ ਪੰਜ ਜਣਿਆਂ ਦੀ 2 ਜਨਵਰੀ ਨੂੰ ਮੌਤ ਹੋਈ, ਉਨ੍ਹਾਂ ਵਿਚ ਨਾਭਾ ਦੇ ਪਾਂਡੂਸਰ ਮੁਹੱਲੇ ਦੇ 65 ਸਾਲਾ ਪੁਰਸ਼ ਸਮੇਤ ਚਾਰ ਮਹਿਲਾਵਾਂ ਸ਼ਾਮਲ ਹਨ। ਜਿਨ੍ਹਾਂ ਵਿਚੋਂ ਪਿੰਡ ਪਿੱਪਲਖੇੜੀ ਦੀ ਰਹਿਣ ਵਾਲੀ 65 ਸਾਲਾ, ਕੌਲੀ ਦੀ ਰਹਿਣ ਵਾਲੀ 75 ਸਾਲਾ, ਬਾਬੂ ਸਿੰਘ ਕਲੋਨੀ ਦੀ 50 ਸਾਲਾ ਅਤੇ ਰਾਜਪੁਰਾ ਦੇ ਗੁਰੂ ਨਾਨਕਪੁਰਾ ਦੀ ਰਹਿਣ ਵਾਲੀ 60 ਸਾਲਾ ਮਹਿਲਾ ਸ਼ਾਮਲ ਸਨ।