ਸੁਭਾਸ਼ ਚੰਦਰ
ਸਮਾਣਾ, 12 ਸਤੰਬਰ
ਕੈਂਟਰ ਵੇਚਣ ਤੋਂ ਮਿਲੇ ਪੈਸਿਆਂ ਨੂੰ ਲੈ ਕੇ ਘਰ ਤੋਂ ਬਾਹਰ ਕੱਢੇ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਲਈ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਿਟੀ ਪੁਲੀਸ ਨੇ ਇਸ ਮਾਮਲੇ ’ਚ ਇਕ ਔਰਤ ਅਤੇ ਉਸ ਦੇ ਦੋ ਪੁੱਤਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਨਿਰਮਲ ਕੌਰ, ਉਸ ਦੇ ਪੁੱਤਰ ਹਰਵਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਨਿਵਾਸੀ ਪਿੰਡ ਭਿੰਡਰ ਕਲੋਨੀ ਸਮਾਣਾ ਸ਼ਾਮਲ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐਸਆਈ ਰਾਜਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਰਨੈਲ ਸਿੰਘ (65) ਦੇ ਭਰਾ ਟਹਿਲ ਸਿੰਘ ਨਿਵਾਸੀ ਪਿੰਡ ਉਪਲੀ ਜ਼ਿਲ੍ਹਾ ਪਟਿਆਲਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਭਿੰਡਰ ਕਲੋਨੀ ਸਮਾਣਾ ਨਿਵਾਸੀ ਨਿਰਮਲ ਕੌਰ ਪਤਨੀ ਲਖਵਿੰਦਰ ਸਿੰਘ ਦੇ ਦੋ ਬੇਟੇ ਹਰਵਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਪਿਛਲੇ 20 ਸਾਲਾ ਤੋਂ ਭਰਾ ਜਰਨੈਲ ਸਿੰਘ ਦੇ ਨਾਲ ਰਹਿੰਦੇ ਸਨ ਅਤੇ ਸਾਰੇ ਭਿੰਡਰ ਕਲੋਨੀ ਵਿਚ ਰਹਿੰਦੇੇ ਸਨ। ਜਰਨੈਲ ਸਿੰਘ ਵੱਲੋਂ ਹਰਵਿੰਦਰ ਦੇ ਨਾਮ ਤੇ ਖਰੀਦਿਆ ਗਿਆ ਕੈਂਟਰ ਵੇਚ ਦੇਣ ’ਤੇ ਉਸ ਦੇ ਪੈਸਿਆਂ ਨੂੰ ਲੈ ਕੇ ਉਨ੍ਹਾਂ ਵਿਚ ਝਗੜਾ ਹੋਣ ’ਤੇ ਦੋਵੇਂ ਭਰਾਵਾਂ ਨੇ ਜਰਨੈਲ ਸਿੰਘ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਉਸ ਸਮੇਂ ਤੋਂ ਹੀ ਉਹ ਤਣਾਅ ਵਿਚ ਰਹਿੰਦਾ ਸੀ। ਇਸੇ ਤਣਾਅ ਦੌਰਾਨ 10 ਸਤੰਬਰ ਨੂੰ ਉਸ ਨੇ ਜਹਿਰੀਲੀ ਵਸਤੂ ਨਿਗਲ ਲਈ ਜਿਸ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ 11 ਸਤੰਬਰ ਨੂੰ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਪੁਲੀਸ ਨੇ ਦੋਸ਼ੀਆਂ ਖਿਲਾਫ ਧਾਰਾ 306, 34 ਆਈ ਪੀ.ਸੀ. ਤਹਿਤ ਕੇਸ ਦਰਜ ਕਰਕੇ ਮ੍ਰਿਤਕ ਜਰਨੈਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਪਰਿਵਾਰ ਹਵਾਲੇ ਕਰ ਦਿੱਤੀ ਹੈ।