ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਅਗਸਤ
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਭਰਾ ਤੇ ਅਮਰੀਕਾ ਵਿੱਚ ਵੱਸਦੇ ਦਰਸ਼ਨ ਸਿੰਘ ਧਾਲੀਵਾਲ ਨੇ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਦੋਸ਼ ਲਾਇਆ, ‘‘ਸੁਖਬੀਰ ਨੇ ਮੈਨੂੰ ਭਾਜਪਾ ਨੂੰ 4-5 ਲੋਕ ਸਭਾ ਸੀਟਾਂ ਦੇਣ ਦਾ ਪੱਕਾ ਕਰ ਕੇ ਅਮਿਤ ਸ਼ਾਹ ਕੋਲ ਭੇਜਿਆ ਸੀ ਪਰ ਬਾਅਦ ਵਿੱਚ ਸੁਖਬੀਰ ਬਾਦਲ ਆਪਣੇ ਵਾਅਦੇ ਤੋਂ ਮੁੱਕਰ ਗਏ ਸਨ।’’ ਐੱਨਆਰਆਈ ਦਰਸ਼ਨ ਸਿੰਘ ਧਾਲੀਵਾਲ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੇ ਸਿਆਸੀ ਕਿੱਸੇ ਸਾਂਝੇ ਕੀਤੇ। ਪ੍ਰਕਾਸ਼ ਸਿੰਘ ਬਾਦਲ ਨਾਲ ਪਰਿਵਾਰਕ ਸਬੰਧ ਰੱਖਣ ਵਾਲੇ ਸ੍ਰੀ ਧਾਲੀਵਾਲ ਨੇ ਕਿਹਾ,‘‘ਮੈਂ, ਸੁਰਜੀਤ ਸਿੰਘ ਰੱਖੜਾ, ਪ੍ਰੀਤ ਕੰਬਾਈਨ ਵਾਲੇ ਹਰੀ ਸਿੰਘ ਅਸੀਂ ਤਿੰਨਾਂ ਨੇ ਅਮਿਤ ਸ਼ਾਹ ਨਾਲ ਨੂੰ ਮਿਲਣਾ ਸੀ। ਮਿਲਣੀ ਤੋਂ ਪਹਿਲਾਂ ਅਸੀਂ ਸੁਖਬੀਰ ਨੂੰ ਪੁੱਛਿਆ ਕਿ ਕੀ ਭਾਜਪਾ ਨਾਲ ਆਪਣਾ ਸਮਝੌਤਾ ਹੋ ਸਕਦਾ ਹੈ? ਤਾਂ ਸੁਖਬੀਰ ਨੇ ਕਿਹਾ ਸੀ ਕਿ ਆਪਾਂ ਬੀਜੇਪੀ ਨੂੰ 4-5 ਲੋਕ ਸਭਾ ਦੀਆਂ ਸੀਟਾਂ ਦੇ ਦਿਆਂਗੇ। ਜਦੋਂ ਅਸੀਂ ਅਮਿਤ ਸਾਹ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਸੀ ਕਿ ਠੀਕ ਹੈ ਸਾਨੂੰ 5 ਉਹ ਸੀਟਾਂ ਦੇ ਦਿਓ, ਜੋ ਤੁਹਾਡੇ ਅਨੁਸਾਰ ਕਮਜ਼ੋਰ ਹੋਣ, ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਕੇਂਦਰ ’ਚ ਸਰਕਾਰ ਬਣਾਵਾਂਗੇ ਤਾਂ ਉਹ ਅਧੂਰੀ ਹੋਵੇਗੀ।’’ ਸ੍ਰੀ ਧਾਲੀਵਾਲ ਨੇ ਦਾਅਵਾ ਕੀਤਾ,‘‘ਜਦੋਂ ਮੈਂ ਸੁਖਬੀਰ ਬਾਦਲ ਨੂੰ ਮਿਲ ਕੇ 5 ਸੀਟਾਂ ਦੇਣ ’ਤੇ ਬੀਜੇਪੀ ਵੱਲੋਂ ਸਮਝੌਤਾ ਕਰਨ ਲਈ ਤਿਆਰ ਹੋਣ ਬਾਰੇ ਦੱਸਿਆ ਤਾਂ ਸੁਖਬੀਰ ਖੜੇ ਹੀ ਮੁੱਕਰ ਗਏ ਤੇ ਕਹਿਣ ਲੱਗੇ ਕਿ ਆਪਾਂ ਉਨ੍ਹਾਂ ਨੂੰ 4 ਸੀਟਾਂ ਹੀ ਦੇਵਾਂਗੇ।’’ ਦਰਸ਼ਨ ਸਿੰਘ ਧਾਲੀਵਾਲ ਨੇ ਅੱਗੇ ਕਿਹਾ,‘‘ ਸੁਖਬੀਰ ਨੇ ਅਮਿਤ ਸ਼ਾਹ ਨਾਲ ਮੀਟਿੰਗ ਦੀ ਮੰਗ ਰੱਖੀ ਸੀ, ਜਦੋਂ ਮੈਂ ਅਮਿਤ ਸ਼ਾਹ ਨੂੰ ਫ਼ੋਨ ’ਤੇ ਸੁਖਬੀਰ ਬਾਦਲ ਨਾਲ ਮੀਟਿੰਗ ਕਰਨ ਲਈ ਕਿਹਾ ਸੀ ਤਾਂ ਅਮਿਤ ਸ਼ਾਹ ਨੇ ਬੰਦ ਕਮਰਾ ਮੀਟਿੰਗ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਸੁਖਬੀਰ ਇਥੇ ਕੁਝ ਹੋਰ ਵਾਅਦਾ ਕਰ ਕੇ ਜਾਂਦਾ ਹੈ ਤੇ ਪੰਜਾਬ ਵਿੱਚ ਜਾ ਕੇ ਮੁੱਕਰ ਜਾਂਦਾ ਹੈ ਤੇ ਕੁਝ ਹੋਰ ਹੀ ਝੂਠ ਬੋਲ ਦਿੰਦਾ ਹੈ।’’ ਸ੍ਰੀ ਧਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਬੀਜੇਪੀ ਨਾਲ ਸਮਝੌਤਾ ਕਰਨ ਲਈ ਨਹੀਂ ਮੰਨਿਆ ਸੀ, ਜਿਸ ਕਰ ਕੇ ਉਸ ਦਾ ਅੱਜ ਇਹ ਹਾਲ ਹੈ। ਪ੍ਰੀਤ ਕੰਬਾਈਨ ਨਾਭਾ ਦੇ ਮਾਲਕ ਹਰੀ ਸਿੰਘ ਨੇ ਕਿਹਾ,‘‘ ਜਦੋਂ ਸੁਖਬੀਰ ਬਾਦਲ ਨੇ 5 ਸੀਟਾਂ ਬੀਜੇਪੀ ਨੂੰ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਵੇਲੇ ਅਤੇ ਜਦੋਂ ਸੁਖਬੀਰ ਨੇ 4-5 ਸੀਟਾਂ ਦੇਣ ਲਈ ਦਰਸ਼ਨ ਸਿੰਘ ਧਾਲੀਵਾਲ ਨੂੰ ਕਿਹਾ ਸੀ ਉਹ ਦੋਵੇਂ ਵੇਲੇ ਦਰਸ਼ਨ ਸਿੰਘ ਧਾਲੀਵਾਲ ਦੇ ਨਾਲ ਸੀ।’’
ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ: ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਉਸ ਨੇ ਉਹ ਇੰਟਰਵਿਊ ਸੁਣੀ ਹੈ, ਸੁਖਬੀਰ ਬਾਦਲ ਤੇ ਦਰਸ਼ਨ ਸਿੰਘ ਧਾਲੀਵਾਲ ਵਿਚਕਾਰ ਹੋਈ ਗੱਲਬਾਤ ਬਾਰੇ ਉਹ ਕੁਝ ਵੀ ਨਹੀਂ ਕਹਿਣਾ ਚਾਹੁੰਦੇ, ਪਰ ਇਸ ਮਾਮਲੇ ਬਾਰੇ ਉਹ ਗੰਭੀਰ ਹਨ, ਇਸ ਤੋਂ ਬਾਅਦ ਸੁਖਬੀਰ ਬਾਦਲ ਦਾ ਫੋਨ ਹਮੇਸ਼ਾ ਆਪਣੇ ਕੋਲ ਰੱਖਣ ਵਾਲੇ ਹੈਪੀ ਨੇ ਕਿਹਾ ਕਿ ਸੁਖਬੀਰ ਬਾਦਲ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ।