ਪੱਤਰ ਪ੍ਰੇਰਕ
ਦੇਵੀਗੜ੍ਹ, 25 ਅਕਤੂਬਰ
ਪਿੰਡ ਮੀਰਾਂਪੁਰ ਦੇ ਕਿਸਾਨ ਸੁਖਦੇਵ ਸਿੰਘ ਪਿਛਲੇ 9 ਸਾਲਾਂ ਤੋਂ ਪਰਾਲੀ ਨਹੀਂ ਸਾੜ ਰਿਹਾ, ਉਹ ਇਸ ਪਰਾਲੀ ਦੀ ਵਰਤੋਂ ਖੁੰਬਾਂ ਦੀ ਕਾਸ਼ਤ ਲਈ ਕਰਕੇ ਹੋਰਨਾਂ ਕਿਸਾਨਾਂ ਲਈ ਵੀ ਰਾਹ ਦਸੇਰਾ ਬਣਿਆ ਹੋਇਆ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਡਾਇਰੈਕਟੋਰੇਟ ਆਫ ਰਿਸਰਚ ਸੋਲਨ ਤੋਂ ਖੁੰਬਾਂ ਉਗਾਉਣ ਦੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਉਸ ਨੇ ਖੁੰਬਾਂ ਦੀ ਸੀਜ਼ਨਲ ਖੇਤੀ ਕਰਕੇ ਹੁਣ ਖੁੰਬਾਂ ਦਾ ਕੰਮ ਸਾਰਾ ਸਾਲ ਏਅਰ ਕੰਡੀਸ਼ਨਰ ਸ਼ੈੱਡ ਪਾ ਕੇ ਕਰਨ ਦਾ ਫੈਸਲਾ ਕੀਤਾ ਹੈ।
ਇਸ ਤਹਿਤ ਉਸ ਨੇ 21 ਲੱਖ ਰੁਪਏ ਨਾਲ ਕੰਪੋਸਟ ਮੇਕਿੰਗ ਯੂਨਿਟ ਬਣਾਇਆ ਜਿਸ ’ਤੇ 8 ਲੱਖ ਰੁਪਏ ਦੀ ਸਬਸਿਡੀ ਪ੍ਰਾਪਤ ਹੋਵੇਗੀ। ਸੁਖਦੇਵ ਸਿੰਘ ਅਤੇ ਉਸ ਦੇ ਪੁੱਤਰ ਗੁਰਜੰਟ ਸਿੰਘ ਨੇ 2 ਝੁੱਗੀਆਂ ਤੋਂ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ 2 ਏਕੜ ਜ਼ਮੀਨ ’ਤੇ 22 ਝੁੱਗੀਆਂ ਪਾ ਕੇ ਪੈਦਾ ਕੀਤੀ ਖੁੰਬਾਂ ਨੂੰ ਲੁਧਿਆਣਾ ਤੇ ਜਲੰਧਰ ਮੰਡੀ ’ਚ ਵੇਚ ਕੇ ਚੰਗਾ ਮੁਨਾਫਾ ਕਮਾ ਰਿਹਾ ਹੈ। ਉਹ ਆਪਣੀ 9 ਏਕੜ ਜ਼ਮੀਨ ਦੀ ਪਰਾਲੀ ਤਾਂ ਖੁੰਬ ਫਾਰਮ ਲਈ ਵਰਤ ਰਿਹਾ ਹੈ ਸਗੋਂ ਨੇੜਲੇ ਕਿਸਾਨਾਂ ਦੇ ਖੇਤਾਂ ਦੀ ਪਰਾਲੀ ਵੀ ਲੈ ਕੇ ਖੁੰਬਾਂ ਦੀ ਕਾਸ਼ਤ ਲਈ ਵਰਤ ਰਿਹਾ ਹੈ। ਇਕ ਝੁੱਗੀ ’ਚ 60 ਕੁਇੰਟਲ ਕੰਪੋਸਟ ਲੱਗ ਜਾਂਦੀ ਹੈ ਤੇ ਇਸ ਤੋਂ ਕਰੀਬ 30 ਕੁਇੰਟਲ ਔਸਤ ਖੁੰਬ ਪੈਦਾ ਹੁੰਦੀ ਹੈ। ਸੁਖਦੇਵ ਸਿੰਘ ਮੁਤਾਬਕ ਉਹ ਆਪਣਾ ਕੰਮ ਅਗਸਤ ’ਚ ਸ਼ੁਰੂ ਕਰ ਦਿੰਦਾ ਹੈ ਅਤੇ ਅਕਤੂਬਰ-ਨਵੰਬਰ ’ਚ ਕਾਸ਼ਤ ਪੂਰੇ ਜੌਬਨ ’ਤੇ ਹੁੰਦੀ ਹੈ ਅਤੇ ਇਹ ਕੰਮ ਮਾਰਚ ਮਹੀਨੇ ਤੱਕ ਚਲਦਾ ਰਹਿੰਦਾ ਹੈ।