ਪੱਤਰ ਪ੍ਰੇਰਕ
ਪਟਿਆਲਾ, 18 ਸਤੰਬਰ
ਪੰਜਾਬ ਦੇ ਨਵੀਂ ਤੇ ਨਵਿਆਉਣ ਯੋਗ ਊਰਜਾ ਮੰਤਰੀ ਅਮਨ ਅਰੋੜਾ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਟੌਰੈਂਟ ਗੈਸ ਕੰਪਨੀ ਦੀ ਘਰੇਲੂ ਰਸੋਈ ਗੈਸ ਦੀ ਪਾਈਪ ਲਾਈਨ ਰਾਹੀਂ ਸਪਲਾਈ ਦੀ ਸ਼ੁਰੂਆਤ ਕਰਵਾਈ। ਦੋਵਾਂ ਮੰਤਰੀਆਂ ਨੇ ਪਟਿਆਲਾ ਵਿੱਚ ਸ਼ੁਰੂ ਹੋਈ ਪੀਐੱਨਜੀ ਘਰੇਲੂ ਰਸੋਈ ਗੈਸ ਸਪਲਾਈ ਨੂੰ ਨਿਵੇਕਲਾ ਉਪਰਾਲਾ ਦੱਸਦਿਆਂ ਇੱਥੇ ਕਰਵਾਏ ਸਮਾਰੋਹ ਮੌਕੇ ਸ਼ਹਿਰ ਦੇ ਪਹਿਲੇ 101 ਖਪਤਕਾਰਾਂ ਨੂੰ ਸਨਮਾਨਿਤ ਕੀਤਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਖੇਤਾਂ ਵਿੱਚ ਹਰ ਸਾਲ ਪੈਦਾ ਹੁੰਦੀ 20 ਮਿਲੀਅਨ ਟਨ ਝੋਨੇ ਦੀ ਪਰਾਲੀ ਅਤੇ ਖੇਤੀ ਰਹਿੰਦ-ਖੂੰਹਦ ’ਤੇ ਆਧਾਰਿਤ 43 ਕੰਪਰੈੱਸਡ ਬਾਇਓਗੈਸ (ਸੀਬੀਜੀ) ਪ੍ਰਾਜੈਕਟ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 33 ਟਨ ਪ੍ਰਤੀ ਦਿਨ (ਟੀਪੀਡੀ) ਤੋਂ ਵੱਧ ਸਮਰੱਥਾ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਸੀਬੀਜੀ ਪਲਾਂਟ ਸੰਗਰੂਰ ਜ਼ਿਲ੍ਹੇ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਹੋਣ ’ਤੇ, ਇਨ੍ਹਾਂ ਸਾਰੇ ਪ੍ਰਾਜੈਕਟਾਂ ਵਿੱਚ 515.58 ਟੀਪੀਡੀ ਸੀਬੀਜੀ ਉਤਪਾਦਨ ਤੋਂ ਇਲਾਵਾ 2 ਮਿਲੀਅਨ ਟਨ ਝੋਨੇ ਦੀ ਪਰਾਲੀ ਦੀ ਸਾਲਾਨਾ ਖਪਤ ਹੋਵੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੀਐੱਨਜੀ ਗੈਸ ਨੂੰ ਐੱਲਪੀਜੀ ਦੇ ਮੁਕਾਬਲੇ ਸਸਤੀ, ਸੁਰੱਖਿਅਤ ਤੇ ਵਾਤਾਵਰਣ ਪੱਖੀ ਗੈਸ ਦੱਸਦਿਆਂ ਕਿਹਾ ਕਿ ਪਾਈਪਲਾਈਨ ਅਧਾਰਤ ਰਸੋਈ ਗੈਸ ਸਿਲੰਡਰ ਬਦਲਣ ਦੇ ਝੰਜਟ ਖਤਮ ਕਰਕੇ ਔਰਤਾਂ ਦੀ ਜ਼ਿੰਦਗੀ ਹੋਰ ਸੁਖਾਲੀ ਕਰੇਗੀ। ਟੌਰੈਂਟ ਗੈਸ ਦੇ ਕਾਰਜਕਾਰੀ ਡਾਇਰੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਗੈਸ ਐੱਲਪੀਜੀ ਦੇ ਮੁਕਾਬਲੇ ਸਸਤੀ ਤੇ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ 3250 ਖਪਤਾਕਾਰ ਪਹਿਲੇ ਪੜਾਅ ਵਿੱਚ ਕੁਨੈਕਸ਼ਨ ਲੈ ਚੁੱਕੇ ਹਨ ਅਤੇ 2024 ਤੱਕ 20 ਹਜ਼ਾਰ ਖਪਤਾਕਾਰ ਜੋੜੇ ਜਾਣਗੇ। ਕੰਪਨੀ ਦੇ ਪਟਿਆਲਾ ਮੁਖੀ ਜਿਗਨੇਸ਼ ਅਰਾਵਤ ਨੇ ਧੰਨਵਾਦ ਕੀਤਾ।