ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 6 ਸਤੰਬਰ
ਇੱਥੋਂ ਦੇ ਰੋਟਰੀ ਭਵਨ ਵਿੱਚ ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਡਾ. ਗੁਰਵਿੰਦਰ ਅਮਨ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਪ੍ਰੋ. ਸ਼ਤਰੂਘਨ ਗੁਪਤਾ ਅਤੇ ਸੁਰਿੰਦਰ ਕੌਰ ਬਾੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ‘ਮੱਥਾ ਟੇਕ ਕੇ ਮੈਂ ਪੰਜਾਬ ਤੋਂ ਕੈਨੇਡਾ ਚੱਲਿਆ’ ਸੁਣਾ ਕੇ ਪ੍ਰਦੇਸ ਵੱਸਦੇ ਲੋਕਾਂ ਦੀ ਚੀਸ ਨੂੰ ਬਿਆਨਿਆ। ਗ਼ਜ਼ਲਗੋ ਅਵਤਾਰ ਸਿੰਘ ਪਵਾਰ ਨੇ ‘ਦਿਲਾਂ ਦੇ ਵਿਚ ਦੀ ਖੋਟ ਮਾਰਦੀ, ਗੁੱਝੀ ਲੱਗੀ ਚੋਟ ਮਾਰਦੀ’ ਸੁਣਾ ਕੇ ਵਾਹ ਵਾਹ ਖੱਟੀ। ਓਮ ਪ੍ਰਕਾਸ਼ ਅਰੋੜਾ ਸ਼ਰਾਇਕੀ ਭਾਸ਼ਾ ਵਿਚ ‘ਵੱਲ ਕਯਾ ਹਾਲ ਸੁਣਾਵਾਂ ਦਿਲ ਦਾ ਵੇ ਲੋਕੋ’ ਤੇ ਜਮਨਾ ਪ੍ਰਕਾਸ਼ ਨਾਚੀਜ਼ ਨੇ ਕਵਿਤਾ ਸੁਣਾ ਕੇ ਚੰਗਾ ਮਾਹੌਲ ਬਣਾਇਆ। ਇਸ ਦੌਰਾਨ ਸੁਰਿੰਦਰ ਕੌਰ ਬਾੜਾ ਨੇ ਬੁਲੰਦ ਆਵਾਜ਼ ਵਿਚ ‘ਨੱਕ ਵਿਚ ਲੌਂਗ ਸੂਹੀ ਫੁਲਕਾਰੀ’ ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਡਾ. ਗੁਰਵਿੰਦਰ ਅਮਨ ਨੇ ਅਮਰੀਕਾ ਫੇਰੀ ਦਾ ਆਪਣਾ ਅਨੁਭਵ ਸਾਂਝਾ ਕੀਤਾ। ਬਲਦੇਵ ਸਿੰਘ ਖੁਰਾਣਾ ਨੇ ਜਿਥੇ ਸਟੇਜ ਦੀ ਕਾਰਵਾਈ ਖੂਬ ਚਲਾਈ, ਉਥੇ ਉਨ੍ਹਾਂ ਨੇ ਲਤੀਫ਼ੇ ਤੇ ਕਵਿਤਾ ‘ਨਾਲ ਗਿਆਨ ਦੇ ਭਰੀਆਂ ਕਲਮਾਂ’ ਸੁਣਾ ਕੇ ਸਭਾ ਦੀ ਕਾਰਵਾਈ ਨੂੰ ਰੋਚਕ ਬਣਾਕੇ ਰੱਖਿਆ।