ਖੇਤਰੀ ਪ੍ਰਤੀਨਿਧ
ਪਟਿਆਲਾ, 9 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਦੇ ਸੈਮੀਨਾਰ ਹਾਲ ਵਿੱਚ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦੀ ਸਮੁੱਚੀ ਸ਼ਾਇਰੀ ਬਾਰੇ ਸੰਪਾਦਿਤ ਪੁਸਤਕ ‘ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ ਚੇਤਨਾ’ ਸੰਬੰਧੀ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਪਿਛਲੇ ਦਿਨੀਂ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਰਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਡਾਇਰੈਕਟਰ ਨੇ ਕੀਤੀ। ਸੁਖਦੇਵ ਬਾਂਸਲ ਪ੍ਰਧਾਨ ਪੰਜਾਬੀ ਆਰਟਸ ਅਤੇ ਲਿਟਰੇਰੀ ਅਕੈਡਮੀ ਯੂ. ਕੇ. ਲੈਸਟਰ ਆਪਣੇ ਸ਼ਰੀਕੇ ਹਯਾਤ ਸੁਰਿੰਦਰ ਕੌਰ ਬਾਂਸਲ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਡਾ. ਨਰਿੰਦਰ ਕੌਰ ਮੁਲਤਾਨੀ ਡੀਨ ਅਕਾਦਮਿਕ ਮਾਮਲੇ ਵਿਸ਼ੇਸ਼ ਮਹਿਮਾਨ ਰਹੇੇ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਬਲਵਿੰਦਰ ਕੌਰ ਸਿੱਧੂ, ਦਰਸ਼ਨ ਬੁੱਟਰ, ਸੁਰਿੰਦਰਪ੍ਰੀਤ ਘਣੀਆਂ,ਡਾ. ਦਰਸ਼ਨ ਸਿੰਘ ਆਸ਼ਟ, ਸੁਸ਼ੀਲ ਦੁਸਾਂਝ ਤੇ ਬਲਵਿੰਦਰ ਸੰਧੂ ਵੀ ਸ਼ਾਮਲ ਸਨ। ਸਮਾਗਮ ਦੌਰਾਨ ਡਾ. ਬਲਵਿੰਦਰ ਕੌਰ ਸਿੱਧੂ ਨੇ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਦੀ ਸ਼ਾਇਰੀ ਵਿੱਚ ਪਿੰਡ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਦੇ ਦਲਿਤ ਅਤੇ ਪੀੜਤ ਲੋਕਾਂ ਦੀ ਗੱਲ ਗਹਿਰੀ ਸੰਵੇਦਨਾ ਨਾਲ ਕਲਾਤਮਕ ਢੰਗ ਨਾਲ ਪੇਸ਼ ਹੋਈ ਹੈ। ਵਿਚਾਰ ਚਰਚਾ ਦੀ ਇਸ ਲੜੀ ਨੂੰ ਅੰਜਾਮ ’ਤੇ ਪਹੁੰਚਾਉਂਦਿਆਂ ਡਾ. ਰਾਜਵੰਤ ਕੌਰ ਪੰਜਾਬੀ, ਡਾ. ਜਸਮੀਤ ਸਿੰਘ, ਸ਼ਾਇਰ ਮੀਤ ਬਠਿੰਡਾ ਨੇ ਵੀ ਵਿਚਾਰ ਪੇਸ਼ ਕੀਤੇ।