ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਫਰਵਰੀ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਡਾ. ਜੀਐੱਸ ਅਨੰਦ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਚਿੰਤਕ, ਆਲੋਚਕ ਤੇ ਨਾਵਲਕਾਰ ਡਾ. ਸੁਰਜੀਤ ਬਰਾੜ ਦਾ ਨਾਵਲ ‘ਡੁੱਬ ਰਿਹਾ ਪਿੰਡ’ ਲੋਕ ਅਰਪਣ ਕੀਤਾ ਗਿਆ ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਸ਼ਮੂਲੀਅਤ ਕੀਤੀ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਨਾਵਲ ਅਤੇ ਨਾਵਲਕਾਰ ਦੇ ਸਿਰਜਣਾਤਮਿਕ ਸਫ਼ਰ ਬਾਰੇ ਰਸਮੀ ਜਾਣ ਪਛਾਣ ਕਰਾਈ।
ਨਾਵਲ ’ਤੇ ਪੇਪਰ ਪੜ੍ਹਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਲੇਖਕ ਨੇ ਫ਼ਿਕਰ ਜ਼ਾਹਰ ਕੀਤਾ ਹੈ ਕਿ ਆਲਮੀ ਮੰਡੀ ਦੇ ਲਾਲਚ ਕਾਰਨ ਵਿਸ਼ਵੀਕਰਨ ਦੇ ਜਗੀਰਦਾਰੀ ਪ੍ਰਬੰਧਾਂ ਵਿੱਚ ਲਗਾਤਾਰ ਨੈਤਿਕਤਾ ’ਚ ਗਿਰਾਵਟ ਆ ਰਹੀ ਹੈ। ਪੇਪਰ ’ਤੇ ਸੰਵਾਦ ਰਚਾਉਂਦਿਆਂ ਡਾ. ਹਰਬੰਸ ਸਿੰਘ ਧੀਮਾਨ ਨੇ ਕਿਹਾ ਕਿ ਪੂੰਜੀਵਾਦੀ ਵਿਕਾਸ ਆਪਣੇ ਨਾਲ ਵਿਨਾਸ਼ ਵੀ ਲੈ ਕੇ ਆਉਂਦਾ ਹੈ।
ਚੰਡੀਗੜ੍ਹ ਤੋਂ ਪਹੁੰਚੇ ਡਾ. ਮੇਹਰ ਮਾਣਕ ਨੇ ਫ਼ਿਕਰ ਜ਼ਾਹਰ ਕੀਤੇ ਹਨ ਕਿ ਸਿਸਟਮ ਦੀ ਇੱਕ ਬੋਲੀ, ਇੱਕ ਪਹਿਰਾਵਾ ਤੇ ਇੱਕ ਸੁਸਾਇਟੀ ਵਾਲੀ ਸੌੜੀ ਮਾਨਸਿਕਤਾ ਕਾਰਨ ਪੇਂਡੂ ਸੱਭਿਆਚਾਰ ਦੀ ਸਾਂਝੀਵਾਲਤਾ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ। ਬਹਿਸ ਨੂੰ ਸਮੇਟਦਿਆਂ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਲੇਖਕ ਨੇ ਤਾਂ ਲੋਕਾਂ ਵਿੱਚ ਚੇਤਨਾ ਪੈਦਾ ਕਰਨੀ ਹੁੰਦੀ ਹੈ ਤੇ ਡਾ. ਸੁਰਜੀਤ ਬਰਾੜ ਆਲੋਚਨਾ ਤੋਂ ਬਾਅਦ ਇੱਕ ਨਾਵਲਕਾਰ ਦੇ ਤੌਰ ’ਤੇ ਵੀ ਸਥਾਪਤ ਹੋ ਗਿਆ ਹੈ। ਮੋਗਾ ਤੋਂ ਪਹੁੰਚੇ ਚਰਨਜੀਤ ਸਮਾਲਸਰ, ਜੰਗੀਰ ਖੋਖਰ, ਧਰਮ ਕੰਮੇਆਣਾ ਅਤੇ ਡਾ ਦਰਸ਼ਨ ਆਸ਼ਟ ਨੇ ਵੀ ਬਹਿਸ ਵਿੱਚ ਹਿੱਸਾ ਲਿਆ।