ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਸਤੰਬਰ
ਦੀ ਬਾਲੀਆਂ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਕਥਿਤ ਤੌਰ ’ਤੇ ਅੰਦਰਖਾਤੇ ਸਿਰਫ਼ ਕਾਗਜ਼ਾਂ ਵਿਚ ਹੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅੰਦਰਖਾਤੇ ਚੁੱਪ ਚੁਪੀਤੇ ਹੀ ਚੋਣ ਦਾ ਪਤਾ ਲੱਗਦਿਆਂ ਹੀ ਰੋਹ ਵਿਚ ਆਏ ਪਿੰਡ ਬਾਲੀਆਂ ਦੇ ਲੋਕਾਂ ਅਤੇ ਸੁਸਾਇਟੀ ਦੇ ਮੈਂਬਰਾਂ ਨੇ ਅੱਜ ਸੁਸਾਇਟੀ ਨੂੰ ਤਾਲਾ ਜੜ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਚੋਣ ਕਦੋਂ ਹੋਈ, ਕਦੋਂ ਵੋਟਾਂ ਪਈਆਂ, ਕਿਹੜੇ ਉਮੀਦਵਾਰ ਸੀ ਅਤੇ ਉਮੀਦਵਾਰਾਂ ਦੀ ਜਿੱਤ ਦੇ ਢੋਲ ਕਦੋਂ ਵੱਜੇ। ਇਸ ਬਾਰੇ ਧਰਨਾਕਾਰੀ ਲੋਕ ਅਣਜਾਣ ਹਨ ਜਿਹੜੇ ਸਹਿਕਾਰੀ ਸੇਵਾਵਾਂ ਵਿਭਾਗ ਉਪਰ ਸਵਾਲ ਖੜ੍ਹੇ ਕਰ ਰਹੇ ਹਨ।
ਪਿੰਡ ਬਾਲੀਆਂ ਵਿਖੇ ਬਹੁ-ਮੰਤਵੀ ਸਹਿਕਾਰੀ ਖੇੜੀਬਾੜੀ ਸੇਵਾ ਸੁਸਾਇਟੀ, ਤਿੰਨ ਪਿੰਡਾਂ ਬਾਲੀਆਂ, ਰੂਪਾਹੇੜੀ ਅਤੇ ਲੱਡੀ ਨਾਲ ਸਬੰਧਤ ਹੈ ਜਿਸ ਦੇ ਕਰੀਬ 1100 ਕਿਸਾਨ ਮੈਂਬਰ ਹਨ। ਤਿੰਨ ਪਿੰਡਾਂ ਨਾਲ ਸਬੰਧਤ ਸੁਸਾਇਟੀ ਦੇ ਮੈਂਬਰਾਂ ਤੇ ਬਾਲੀਆਂ ਦੇ ਲੋਕਾਂ ਵਲੋਂ ਅੱਜ ਸਵੇਰੇ ਹੀ ਸੁਸਾਇਟੀ ਨੂੰ ਤਾਲਾ ਜੜ ਦਿੱਤਾ ਗਿਆ ਅਤੇ ਰੋਸ ਧਰਨੇ ’ਤੇ ਬੈਠ ਗਏ। ਇਸ ਮੌਕੇ ਪਿੰਡ ਬਾਲੀਆਂ ਦੇ ਸਰਪੰਚ ਹਰਜੀਤ ਸਿੰਘ ਬਾਲੀਆਂ, ਅਕਾਲੀ ਆਗੂ ਕੇਵਲ ਸਿੰਘ ਬਾਲੀਆਂ, ਕਿਸਾਨ ਆਗੂ ਬਿੰਦਰ ਸਿੰਘ, ਅਮਰੀਕ ਸਿੰਘ ਰੂਪਾਹੇੜੀ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਦੀ ਚੋਣ ਅਪਰੈਲ-2021 ਵਿਚ ਹੋਣੀ ਸੀ ਜੋ ਕਿ ਅਜੇ ਤੱਕ ਵਿਭਾਗ ਵਲੋਂ ਨਹੀਂ ਕਰਵਾਈ ਗਈ। ਸੁਸਾਇਟੀ ਦੇ 9 ਡਾਇਰੈਕਟਰ ਚੁਣੇ ਜਾਂਦੇ ਹਨ ਜਿਨ੍ਹਾਂ ’ਚੋਂ 7 ਪਿੰਡ ਬਾਲੀਆਂ ਅਤੇ ਦੋ-ਦੋ ਮੈਂਬਰ ਰੂਪਾਹੇੜੀ ਅਤੇ ਲੱਡੀ ’ਚੋਂ ਚੁਣੇ ਜਾਂਦੇ ਹਨ। ਚੋਣ ਨਾ ਕਰਾਉਣ ਬਾਰੇ ਉਨ੍ਹਾਂ ਨੂੰ ਇੰਝ ਲੱਗਿਆ ਕਿ ਸ਼ਾਇਦ ਕਰੋਨਾ ਕਾਰਨ ਚੋਣ ਲੇਟ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਸੁਸਾਇਟੀ ਦੇ ਮੈਂਬਰ ਕਿਸਾਨ ਕੋਆਪ੍ਰੇਟਿਵ ਸੁਸਾਇਟੀ ਦੇ ਇਜਲਾਸ ਵਿਚ ਸ਼ਾਮਲ ਹੋਣ ਸੰਗਰੂਰ ਗਏ ਸੀ ਜਿਥੇ ਉਨ੍ਹਾਂ ਜਦੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰੂਰ ਨੂੰ ਬਾਲੀਆਂ ਸੁਸਾਇਟੀ ਦੀ ਚੋਣ ਕਰਵਾਉਣ ਬਾਰੇ ਕਿਹਾ ਤਾਂ ਜਵਾਬ ਮਿਲਿਆ ਕਿ ਚੋਣ ਤਾਂ 25 ਦਿਨ ਪਹਿਲਾਂ ਹੋ ਚੁੱਕੀ ਹੈ। ਅੱਜ ਪਤਾ ਲੱਗਦਿਆਂ ਹੀ ਕਿਸਾਨਾਂ ਵਲੋਂ ਸੁਸਾਇਟੀ ਨੂੰ ਤਾਲਾ ਜੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਹਿਕਾਰੀ ਸੇਵਾਵਾਂ ਵਿਭਾਗ ਦੇ ਅਧਿਕਾਰੀ ਦੱਸਣ ਕਿ ਇਹ ਚੋਣ ਕਦੋਂ ਕਰਵਾਈ ਹੈ, ਕਿਹੜੇ ਉਮੀਦਵਾਰ ਸਨ ਅਤੇ ਕਿਹੜੇ ਜਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਦਬਾਅ ਹੇਠ ਅਧਿਕਾਰੀਆਂ ਨੇ ਕਾਗਜ਼ਾਂ ਵਿਚ ਹੀ ਅਹੁਦੇਦਾਰ ਚੁਣ ਲਏ ਹਨ ਅਤੇ ਅਜਿਹੀ ਧੱਕੇਸ਼ਾਹੀ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਮੰਗ ਕੀਤੀ ਕਿ ਸੁਸਾਇਟੀ ਦੀ ਚੋਣ ਕਰਵਾਈ ਜਾਵੇ ਤਾਂ ਜੋ ਸੁਸਾਇਟੀ ਮੈਂਬਰ ਆਪਣੀ ਪਸੰਦ ਦੇ ਅਹੁਦੇਦਾਰ ਚੁਣ ਸਕਣ।
ਉਧਰ, ਸਹਾਇਕ ਰਜਿਸਟਰਾਰ ਸਹਿਕਾਰੀ ਸੇਵਾਵਾਂ ਸ੍ਰੀ ਕੁਨਾਲ ਖੁਰਾਣਾ ਦਾ ਸਿਰਫ਼ ਏਨਾ ਹੀ ਕਹਿਣਾ ਹੈ ਕਿ ਬਾਲੀਆਂ ਸੁਸਾਇਟੀ ਦੀ ਚੋਣ ਨਿਯਮਾਂ ਅਨੁਸਾਰ ਹੋਈ ਹੈ। ਜੇਕਰ ਇਸ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਡਿਪਟੀ ਰਜਿਸਟਰਾਰ ਦੇ ਪਟੀਸ਼ਨ ਦਾਖਲ ਕਰ ਸਕਦੇ ਹਨ।
ਪਿੰਡ ਬਾਲੀਆਂ ਵਿੱਚ ਖੇਤੀਬਾੜੀ ਸੁਸਾਇਟੀ ਨੂੰ ਤਾਲਾ ਲਗਾ ਕੇ ਰੋਸ ਧਰਨਾ ਦਿੰਦੇ ਹੋਏ ਲੋਕ।