ਖੇਤਰੀ ਪ੍ਰਤੀਨਿਧ
ਪਟਿਆਲਾ, 7 ਨਵੰਬਰ
ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਵਿੱਚ ਅੱਜ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ਉੱਪਰ ਨਵੀਂਆਂ ਵੋਟਾਂ ਬਣਾਉਣ ਤੇ ਸਰਸਰੀ ਸੁਧਾਈ ਲਈ ਵਿਸ਼ੇਸ਼ ਕੈਂਪ ਲਗਾਏ ਗਏ।
ਇਸ ਮੌਕੇ ਅੱਜ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿੱਚ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਬੂਥ ਪੱਧਰ ਉੱਪਰ ਚੋਣਾਂ ਵਾਲੇ ਦਿਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਗਰੂਕ ਕਰਵਾਉਣ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਸਵੀਪ ਟੀਮਾਂ ਨੇ ਦਸਤਕ ਦਿੱਤੀ। ਇਸ ਮੌਕੇ ਪਿਛਲੀ ਸਰਸਰੀ ਸੁਧਾਈ ਦੌਰਾਨ ਬਣਾਈਆਂ ਵੋਟਾਂ ਦੇ ਵੋਟਰ ਕਾਰਡ ਵੀ ਵੰਡੇ ਗਏ। ਕੈਂਪਾਂ ਦੌਰਾਨ ਯੋਗਤਾ 01 ਜਨਵਰੀ 2022 ਦੇ ਆਧਾਰ ’ਤੇ ਨਵੀਂਆਂ ਵੋਟਾਂ ਵੀ ਬਣਾਈਆਂ ਜਾ ਰਹੀਆਂ ਹਨ। ਪ੍ਰੋ. ਅੰਟਾਲ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਵੋਟਾਂ ਬਣਾਉਣ ਅਤੇ ਚੋਣਾਂ ਦੌਰਾਨ ਵੋਟਰਾਂ ਦੀ 100 ਫੀਸਦੀ ਸ਼ਮੂਲੀਅਤ ਮੁੱਖ ਉਦੇਸ਼ ਹੈ। ਸਨੌਰ ਵਿੱਚ ਵੋਟਰ ਸਾਖਰਤਾ ਲਈ ਸਨੌਰ ਦੇ ਨੋਡਲ ਅਫ਼ਸਰ ਸਤਵੀਰ ਸਿੰਘ ਗਿੱਲ (ਏਐਨਓ ਐਨਸੀਸੀ) , ਨੋਡਲ ਅਫ਼ਸਰ ਸਵੀਪ ਚੋਣ ਕਾਨੂੰਗੋ ਪ੍ਰਦੀਪ ਸ਼ਰਮਾ, ਪਟਿਆਲਾ ਦਿਹਾਤੀ ਵਿੱਚ ਕੁਲਜੀਤ ਸਿੰਘ ਚੋਣ ਕਾਨੂੰਨਗੋ, ਪਟਿਆਲਾ ਸ਼ਹਿਰੀ ਰੁਪਿੰਦਰ ਸਿੰਘ, ਨਾਭਾ ਪ੍ਰੇਮ ਪੁਰੀ ਅਤੇ ਰਾਜਪੁਰਾ ਵਿੱਚ ਰਮਨਦੀਪ ਸਿੰਘ ਸੋਢੀ ਦੀ ਅਗਵਾਈ ਵਿੱਚ ਸਵੀਪ ਟੀਮਾਂ ਬੀ ਐਲ ਓਜ ਦਾ ਮਨੋਬਲ ਵਧਾ ਰਹੀਆਂ ਸਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਸਨ।
ਬਹਾਦਰਪੁਰ ਵਿੱਚ ਲੱਗਾ ਕੈਂਪ
ਮਸਤੂਆਣਾ ਸਾਹਿਬ(ਐਸ ਐਸ ਸੱਤੀ): ਇੱਥੋਂ ਨੇੜਲੇ ਪਿੰਡ ਬਹਾਦਰਪੁਰ ਵਿੱਚ ਨਵੀਆਂ ਵੋਟਾਂ ਬਣਾਉਣ ਸਬੰਧੀ ਅਤੇ ਵੋਟਾਂ ਦੀ ਦਰੁਸਤੀ ਕਰਨ ਸਬੰਧੀ ਕੈਂਪ ਲਗਾਇਆ ਗਿਆ, ਜਿਸ ਵਿੱਚ ਬੀਐੱਲਓ ਨਵਦੀਪ ਸਿੰਘ, ਰੋਮੀ ਸਿੰਘ, ਹਰਪਾਲ ਚੰਦ ਅਤੇ ਜਗਦੀਪ ਸਿੰਘ ਵੱਲੋਂ ਵੱਖ ਵੱਖ ਪਿੰਡਾਂ ਦੇ ਵਾਰਡਾਂ ਦੀਆਂ 40 ਦੇ ਕਰੀਬ ਨਵੀਂਆਂ ਵੋਟਾਂ ਬਣਾਈਆਂ ਗਈਆਂ ਅਤੇ 30 ਦੇ ਕਰੀਬ ਪੁਰਾਣੀਆਂ ਵੋਟਾਂ ਦੇ ਦਰੁਸਤੀ ਫਾਰਮ ਭਰੇ ਗਏ। ਇਸ ਮੌਕੇ ਬੀਐੱਲਓ ਨਵਦੀਪ ਸਿੰਘ ਨੇ ਕਿਹਾ ਕਿ ਕਿ ਅਠਾਰਾਂ ਸਾਲ ਦਾ ਹਰ ਨੌਜਵਾਨ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਆਪਣੀ ਵੋਟ ਜ਼ਰੂਰ ਬਣਵਾਉਣ।