ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਅਪਰੈਲ
ਇਥੇ ਆਯੁਰਵੈਦਿਕ ਕਾਲਜ ਕੋਲ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਵੱਲੋਂ ਰੁਜ਼ਗਾਰ ਪ੍ਰਾਪਤੀ ਨੂੰ ਲੈ ਕੇ ਦਿੱਤਾ ਜਾ ਰਿਹਾ ਟੈਂਕੀ ਧਰਨਾ ਅੱਜ ਵੀ ਜਾਰੀ ਰਿਹਾ। ਅਜਿਹੇ ਦੌਰਾਨ ਪੜਾਅਵਾਰ ਪੁਰਸ਼ ਤੇ ਮਹਿਲਾਵਾਂ ਪਾਣੀ ਵਾਲੀ ਟੈਂਕੀ ਦੀਆਂ ਪੌੜੀਆਂ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ। ਸੰਘਰਸ਼ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਤੇ ਬਲਜੀਤ ਸਿੰਘ ਨੇ ਦੱਸਿਆ ਕਿ ਜੇ ਸਰਕਾਰ ਜਾਂ ਪਾਵਰਕੌਮ ਮੈਨੇਜਮੈਂਟ ਦੇ ਕੰਨਾਂ ’ਤੇ ਜੂੰਅ ਨਾ ਸਰਕੀ ਤਾਂ 28 ਅਪਰੈਲ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਪਰਿਵਾਰਾਂ ਸਮੇਤ ਰੋਸ ਧਰਨਾ ਦਿੱਤਾ ਜਾਏਗਾ।
ਉਨ੍ਹਾਂ ਆਖਿਆ ਕਿ ਮ੍ਰਿਤਕ ਆਸ਼ਰਿਤ ਵਜੋਂ ਤਰਸ ਦੇ ਆਧਾਰ ’ਤੇ ਉਨ੍ਹਾਂ ਦਾ ਪਾਵਰਕੌਮ ’ਚ ਨੌਕਰੀ ਹਾਸਲ ਕਰਨਾ ਹੱਕ ਹੈ, ਪ੍ਰੰਤੂ ਪਾਵਰ ਮੈਨੇਜਮੈਂਟ ਵੱਲੋਂ ਉਨ੍ਹਾਂ ਦੇ ਸੰਘਰਸ਼ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੰਘਰਸ਼ੀ ਕਾਰਕੁਨਾਂ ’ਚ ਰੋਸ ਵਧ ਰਿਹਾ ਹੈ।
ਟਾਵਰ ਸੰਘਰਸ਼ੀਆਂ ਦੇ ਹੌਂਸਲੇ ਬੁਲੰਦ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਇਥੇ ਬੀਐਸਐਨਐਲ ਟਾਵਰ ’ਤੇ ਚੜ੍ਹ ਕੇ ਰੋਸ ਪ੍ਰਗਟਾ ਰਹੇ ਦੋਵੇਂ ਬੇਰੁਜ਼ਗਾਰ ਅਧਿਆਪਕ ਅੱਜ ਆਪਣੇ ਸੰਘਰਸ ‘ਤੇ ਕਾਇਮ ਰਹੇ। ਭਾਵੇਂ ਦੋਵੇਂ ਸੰਘਰਸ਼ੀ ਕਾਰਕੁਨਾ ਹਰਜੀਤ ਤੇ ਸੁਰਿੰਦਰਪਾਲ ਚਮੜੀ ਦੇ ਰੋਗ ’ਚ ਗਿ੍ਰਫ਼ਤ ’ਚ ਹਨ, ਪ੍ਰੰਤੂ ਇਸ ਦੇ ਬਾਵਜੂਦ ਦੋਵੇਂ ਸੰਘਰਸ਼ੀਆਂ ਦੇ ਹੌਂਸਲੇ ਅੱਜ ਸੰਘਰਸ਼ ਦੇ 38ਵੇਂ ਦਿਨ ਵੀ ਬੁਲੰਦ ਰਹੇ। ਮੇਜ਼ਬਾਨ ਜਥੇਬੰਦੀ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਦੋਵੇਂ ਟਾਵਰ ਸੰਘਰਸੀਆਂ ਦੀ ਹੱਥਾਂ ਤੇ ਪੈਰਾਂ ਦੀ ਚਮੜੀ ਉਖੜਣ ਲੱਗ ਪਈ ਹੈ, ਪ੍ਰੰਤੂ ਸਰਕਾਰ ਨੂੰ ਹਾਲੇ ਵੀ ਕੋਈ ਪ੍ਰਵਾਹ ਨਹੀਂ। ਨਾ ਹੀ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨੇ ਹਾਲੇ ਬੇਰੁਜਗਾਰਾਂ ਪ੍ਰਤੀ ਹਮਦਰਦੀ ਜਿਤਾਈ ਹੈ।