ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 4 ਨਵੰਬਰ
ਵਿਧਾਇਕ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਦੇਣ ਆਏ ਧਰਨਾਕਾਰੀਆਂ ਨੂੰ ਚਾਹ ਪਿਲਾਈ ਗਈ ਅਤੇ ਨਾਲ ਬਿਸਕੁਟ ਵੀ ਖਵਾਏ ਗਏ। ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਦੀ ਅਗਵਾਈ ਹੇਠ ਬੈਠੇ ਧਰਨਾਕਾਰੀਆਂ ਦੀ ਮੰਗ ਸੀ ਕਿ ਉਨ੍ਹਾਂ ਦਾ ਵਿਧਾਇਕ ਪਿਛਲੇ 35 ਦਿਨਾਂ ਤੋਂ ਮੋਰਚਿਆਂ ਦੇ ਡਟੇ ਕਿਸਾਨਾਂ ਦੇ ਹੱਕ ਵਿਚ ਦਿੱਲੀ ਜਾ ਕੇ ਹਾਅ ਦਾ ਨਾਅਰਾ ਮਾਰੇ। ਧਰਨਾਕਾਰੀਆਂ ਨੇ ਇਸ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਜੋ ਕਿ ਅਵਤਾਰ ਸਿੰਘ ਈਲਵਾਲ ਨੇ ਪ੍ਰਾਪਤ ਕੀਤਾ। ਧਰਨਾਕਾਰੀਆਂ ਵੱਲੋਂ ਦਿੱਤੇ ਗਏ ਮੰਗ ਪੱਤਰ ਰਾਹੀਂ ਮੰਗ ਕਰਦਿਆਂ ਕਿਹਾ ਕਿ ਵਿਧਾਇਕ ਨੂੰ ਦਿੱਲੀ ਜਾ ਕੇ ਕਿਸਾਨਾਂ ਦਾ ਦੁੱਖ ਦੇਸ਼ ਅੱਗੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਰੇ ਮੁਲਕ ਨੂੰ ਉਨ੍ਹਾਂ ਦਾ ਦਰਦ ਮਹਿਸੂਸ ਹੋ ਸਕੇ। ਹਲਕਾ ਵਿਧਾਇਕ ਘਰ ਨਾ ਹੋਣ ਕਾਰਨ ਧਰਨਾਕਾਰੀਆਂ ਤੋਂ ਮੰਗ ਪੱਤਰ ‘ਆਪ’ ਆਗੂ ਅਵਤਾਰ ਸਿੰਘ ਈਲਵਾਲ ਨੇ ਪ੍ਰਾਪਤ ਕੀਤਾ। ਈਲਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਸੰਘਰਸ਼ ਵਿਚ ਪੂਰੀ ਤਰ੍ਹਾਂ ਸ਼ਰੀਕ ਹੈ। ਪਾਰਟੀ ਦੇ ਸੀਨੀਅਰ ਆਗੂ ਹਰੇਕ ਮੰਚ ਤੋਂ ਕਿਸਾਨੀ ਹੱਕਾਂ ਅਤੇ ਕੇਂਦਰ ਸਰਕਾਰ ਦੇ ਧੱਕਿਆਂ ਦੀ ਗੱਲ ਜੱਗਰ ਕਰਨ ਦੀ ਕੋਸ਼ਿਸ਼ ਕਰਦੇ ਹਨ।