ਖੇਤਰੀ ਪ੍ਰਤੀਨਿਧ
ਪਟਿਆਲਾ, 10 ਜੂਨ
ਦੋ ਮਹੀਨਿਆਂ ਦੀ ਰੁਕੀ ਤਨਖ਼ਾਹ ਜਾਰੀ ਕਰਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਅੱਜ ਵੀ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਸਕੱਤਰ ਪ੍ਰੋ. ਸੁਖਜਿੰਦਰ ਸਿੰਘ ਬੁੱਟਰ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਦੇ ਸਮੁੱਚੇ ਅਮਲੇ ਨੂੰ ਦੋ ਮਹੀਨਿਆਂ ਦੀ ਤਨਖਾਹ ਅਜੇ ਤੱਕ ਵੀ ਨਹੀਂ ਮਿਲੀ। ਇਸ ਤੋਂ ਇਲਾਵਾ ਉਹ ਯੂਨੀਵਰਸਿਟੀ ਦੀ ਵਿੱਤੀ ਹਾਲਤ ਸੁਧਾਰਨ ਲਈ ਸਰਕਾਰ ਵੱਲੋਂ ਐਲਾਨੇ ਗਏ150 ਕਰੋੜ ਦੇ ਪੈਕੇਜ ਅਤੇ 30 ਕਰੋੜ ਰੁਪਏ ਦੀ ਮਹੀਨਾਵਾਰ ਗਰਾਂਟ ਯਕੀਨੀ ਬਣਾਉਣ ਦੀ ਮੰਗ ਵੀ ਕਰ ਰਹੇ ਹਨ। ਧਰਨੇ ਨੂੰ ਪੂਟਾ ਦੇ ਪ੍ਰਧਾਨ ਪ੍ਰੋ.ਭੁਪਿੰਦਰ ਵਿਰਕ, ਸਕੱਤਰ ਡਾ. ਸੁਖਜਿੰਦਰ ਸਿੰਘ ਬੁੱਟਰ, ਡਾ. ਪਰਮਵੀਰ ਸਿੰਘ (ਸਪੋਰਟਸ ਸਾਇੰਸ), ਕੰਟਰੋਲਰ ਡਾ. ਗੁਰਚਰਨ ਸਿੰਘ, ਡਾ. ਅਮਰਪ੍ਰੀਤ ਸਿੰਘ, ਡਾ. ਲਖਵੀਰ ਸਿੰਘ, ਡਾ. ਬਲਰਾਜ ਸਿੰਘ, ਡਾ. ਰਾਜਦੀਪ ਸਿੰਘ, ਡਾ. ਬਲਵਿੰਦਰ ਟਿਵਾਣਾ, ਡਾ. ਪਰਮਵੀਰ ਸਿੰਘ, ਡਾ. ਚਰਨਜਪੀਤ ਸਿੰਘ, ਡਾ. ਖੁਸ਼ਦੀਪ ਗੋਇਲ, ਡਾ. ਅਨਵਰ ਚਿਰਾਗ, ਡਾ. ਰਾਜਿੰਰਪਾਲ ਬਰਾੜ ਤੇ ਡਾ.ਜਸ਼ਨਦੀਪ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ। ਪੂਟਾ ਦੇ ਪ੍ਰਧਾਨ ਡਾ. ਭੁਪਿੰਦਰ ਵਿਰਕ ਨੇ ਕਿਹਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਅਧਿਆਪਕ ਤਿੰਨ ਮਹੀਨਿਆਂ ਦੀਆਂ ਤਨਖ਼ਾਹੋਂ ਵਾਂਝੇ
ਭਵਾਨੀਗੜ੍ਹ (ਪੱਤਰ ਪ੍ਰੇਰਕ): ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀਡੀਓ ਪਾਵਰਾਂ ਅਲਾਟ ਕਰਨ ਦੀ ਜ਼ਿੰਮੇਵਾਰੀ ਨਾ ਨਿਭਾਉਣ ਕਾਰਨ ਸੈਂਕੜੇ ਅਧਿਆਪਕ ਤਿੰਨ-ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਸੱਖਣੇ ਹਨ। ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ ਨੇ ਦੱਸਿਆ ਕਿ 7 ਅਪਰੈਲ ਨੂੰ ਮਿਲੀ ਅਦਾਲਤੀ ਸਟੇਅ ਸਦਕਾ ਹਫਤੇ ਦੇ ਤਿੰਨ ਦਿਨ ਦੂਰ-ਦੁਰਾਡੇ ਦੇ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਵਿੱਚ ਡਿਊਟੀ ਨਿਭਾਅ ਰਹੇ ਬਹੁਤ ਸਾਰੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਵੱਲੋਂ ਦੂਹਰਾ ਚਾਰਜ ਛੱਡ ਦਿੱਤਾ ਗਿਆ ਸੀ। ਵਾਧੂ ਸਕੂਲਾਂ ਦਾ ਚਾਰਜ ਛੱਡਣ ਕਾਰਨ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਨਿੱਕਲਣ ਵਿੱਚ ਰੁਕਾਵਟ ਪੈਦਾ ਹੋ ਗਈ ਹੈ। ਇਸ ਰੁਕਾਵਟ ਦੇ ਦੋ ਮਹੀਨਿਆਂ ਤੋਂ ਵਧੇਰੇ ਸਮਾਂ ਬੀਤਣ ਅਤੇ ਸਿੱਖਿਆ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਮਸਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਉਣ ਦੇ ਬਾਵਜੂਦ, ਸਿੱਖਿਆ ਵਿਭਾਗ ਵੱਲੋਂ ਸੰਵੇਦਨਹੀਣਤਾ ਅਤੇ ਢਿੱਲੇ ਰਵੱਈਏ ਤੋਂ ਕੰਮ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਅਧਿਆਪਕਾਂ ਨੂੰ ਮਾਰਚ, ਅਪਰੈਲ ਤੇ ਮਈ ਮਹੀਨਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ ਜਿਸ ਕਾਰਨ ਅਧਿਆਪਕਾਂ ਨੂੰ ਭਾਰੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ, ਦਲਜੀਤ ਸਫੀਪੁਰ, ਮੇਘ ਰਾਜ, ਅਮਨ ਵਸ਼ਿਸ਼ਟ, ਕਰਮਜੀਤ ਨਦਾਮਪੁਰ ਸੁਖਪਾਲ ਸਫੀਪੁਰ, ਕਮਲ ਘੋੜੇਨਾਬ, ਦੀਨਾਨਾਥ, ਗੌਰਵਜੀਤ ,ਨਿਰਭੈ ਸਿੰਘ ਰਵਿੰਦਰ ਸਿੰਘ, ਮਨਜੀਤ ਸਿੰਘ,ਰਾਜ ਸੈਣੀ ਅਤੇ ਹੋਰ ਬਹੁਤ ਸਾਰੇ ਅਧਿਆਪਕ ਆਗੂਆਂ ਵੱਲੋਂ ਸਿੱਖਿਆ ਮੰਤਰੀ ਨੂੰ ਇਸ ਮਾਮਲੇ ਵਿੱਚ ਫੌਰੀ ਦਖਲ ਦੇਣ ਅਤੇ ਸਬੰਧਿਤ ਸਕੂਲਾਂ ਦੀਆਂ ਡੀ.ਡੀ.ਓ. ਪਾਵਰਾਂ ਨੇੜਲੇ ਸਕੂਲ ਮੁਖੀਆਂ ਨੂੰ ਅਲਾਟ ਕਰਕੇ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ।