ਖੇਤਰੀ ਪ੍ਰਤੀਨਿਧ
ਪਟਿਆਲਾ, 6 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਵਿਮੈੱਨ ਸਟੱਡੀਜ਼ ਸੈਂਟਰ ਵੱਲੋਂ ਸੈਂਟਰ ਦੀ ਡਾਇਰੈਕਟਰ ਡਾ. ਰਿਤੂ ਲਹਿਲ ਦੀ ਅਗਵਾਈ ਹੇਠਾਂ ਵਿਸ਼ਵ ਤਾਇਕੋਵਾਂਡੋ ਦਿਵਸ-2021 ਨੂੰ ਸਮਰਪਿਤ ‘ਸਵੈ-ਸੁਰੱਖਿਆ ਵਰਕਸ਼ਾਪ’ ਲਾਈ ਗਈ। ਇਹ ਵਰਕਸ਼ਾਪ ਹੋਸਟਲਾਂ ’ਚ ਰਹਿੰਦੀਆਂ ਦੀਆਂ ਵਿਦਿਆਰਥਣਾਂ ਨੂੰ ਸਵੈ-ਸੁਰੱਖਿਆ ਤਕਨੀਕਾਂ ਦੀ ਸਿਖਲਾਈ ਦੇਣ ਦੇ ਮਨੋਰਥ ਨਾਲ ਲਾਈ ਗਈ ਸੀ ਤਾਂ ਜੋ ਸਵੈ-ਵਿਸ਼ਵਾਸ ਦੀ ਭਾਵਨਾ ਪੈਦਾ ਹੋ ਸਕੇ। ਸਰੀਰਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਲਾਈ ਗਈ ਇਸ ਵਰਕਸ਼ਾਪ ਦਾ ਉਦਘਾਟਨ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਵਰਕਸ਼ਾਪ ਵਿਦਿਆਰਥਣਾਂ ਦਾ ਮਨੋਬਲ ਉੱਚਾ ਚੁੱਕਣ ਅਤੇ ਹਰ ਪ੍ਰਕਾਰ ਦੇ ਡਰ ਤੋਂ ਮੁਕਤ ਕਰਨ ਵਿਚ ਸਹਾਈ ਹੋਣਗੀਆਂ। ਡਾ. ਰਿਤੂ ਲਹਿਲ ਨੇ ਕਿਹਾ ਕਿ ਸਵੈ ਸੁਰੱਖਿਆ ’ਤੇ ਆਧਾਰਤ ਅਜਿਹੇ ਤਕਨੀਕਾਂ ਦੀ ਸਿਖਲਾਈ ਪ੍ਰਾਪਤ ਕਰਕੇ ਨਾਰੀ ਜਾਤੀ ਸਵੈ ਰੱਖਿਆ ਦੇ ਕਾਬਲ ਹੋ ਸਕਦੀ ਹੈ। ਇਸ ਵਰਕਸ਼ਾਪ ’ਚ 50 ਵਿਦਿਆਰਥਣਾ ਨੇ ਭਾਗ ਲਿਆ, ਜਿਨ੍ਹਾਂ ਨੂੰ ਸਿਖਲਾਈ ਤਾਇਕੋਵਾਂਡੋ ਦੇ ਕੋਚ ਸਤਵਿੰਦਰ ਸਿੰਘ ਨੇ ਦਿੱਤੀ। ਕੋਚ ਸਤਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਹੁਣ ਤੱਕ ਪਟਿਆਲਾ ’ਚ 50 ਹਜ਼ਾਰ ਵਿਦਿਆਰਥੀਆਂ ਨੂੰ ਸਵੈ-ਸੁਰੱਖਿਆ ਤਕਨੀਕਾਂ ਦੀ ਸਿਖਲਾਈ ਦੇ ਚੁੱਕੇ ਹਨ।