ਸੁਭਾਸ਼ ਚੰਦਰ
ਸਮਾਣਾ, 3 ਅਕਤੂਬਰ
ਟਰੱਕ ਯੂਨੀਅਨ ’ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸੱਤਾਧਾਰੀ ਧਿਰ ਦੇ ਆਗੂਆਂ ਨੇ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿਚ ਜਤਿੰਦਰ ਝੰਡ ਅਤੇ ਅਮਰੀਕ ਬੀਬੀਪੁਰ ਨੂੰ ਪ੍ਰਧਾਨ ਨਿਯੁਕਤ ਕਰਕੇ ਜਿਵੇਂ ਹੀ ਯੂਨੀਅਨ ਦੀ ਸਟੇਜ ’ਤੇ ਲਿਆਂਦਾ ਤਾਂ ਮੌਜੂਦਾ ਪ੍ਰਧਾਨ ਜੌਲੀ ਧੜੇ ਦੇ ਸੈਂਕੜੇ ਸਮਰਥਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਅੰਬੇਡਕਰ ਚੌਕ ਨੇੜੇ ਧਰਨਾ ਲੱਗਾ ਕੇ ਇਨਸਾਫ ਦੀ ਮੰਗ ਕੀਤੀ।
ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਜਤਿੰਦਰ ਝੰਡ ਤੇ ਅਮਰੀਕ ਬੀਬੀਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਟਰੱਕ ਅਪਰੇਟਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਉਹ ਟਰੱਕ ਅਪਰੇਟਰਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਜਦੋਂ ਕਿ ਮੌਜੂਦਾ ਪ੍ਰਧਾਨ ਜੌਲੀ ਨੇ ਆਪ ਸਰਕਾਰ ਤੇ ਹਲਕਾ ਵਿਧਾਇਕ ’ਤੇ ਦੋਸ਼ ਲਗਾਊਂਦਿਆਂ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂ ਪੁਲੀਸ ਪ੍ਰਸ਼ਾਸਨ ਦੀ ਸ਼ਹਿ ਤੇ ਧੱਕਾਸ਼ਾਹੀ ਕਰਕੇ ਬਿਨਾਂ ਟਰੱਕ ਆਪਰੇਟਰਾਂ ਦੀ ਸਹਿਮਤੀ ਤੋਂ ਯੂਨੀਅਨ ਤੇ ਪ੍ਰਧਾਨ ਥੋਪ ਰਹੇ ਹਨ ਜਦੋਂ ਕਿ ਉਕਤ ਦੋਵਾਂ ਪ੍ਰਧਾਨਾਂ ਕੋਲ ਕੋਈ ਟਰੱਕ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਉਸ ਨਾਲ 95 ਫੀਸਦੀ ਆਪਰੇਟਰ ਸਹਿਮਤ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਗਲਵਾਰ ਸਵੇਰੇ 10 ਵਜੇ ਤੱਕ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪੰਜਾਬ ਦੀਆਂ ਹੋਰ ਟਰੱਕ ਯੂਨੀਅਨਾਂ ਦੇ ਆਗੂਆਂ ਨੂੰ ਨਾਲ ਲੈ ਕੇ ਸੰਘਰਸ ਨੂੰ ਤਿਖਾ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਸੰਬਧੀ ਐਸ.ਡੀ.ਐਮ. ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨੂੰ ਮੰਗਲਵਾਰ ਨੂੰ ਬੁਲਾਇਆ ਗਿਆ ਹੈ। ਇਸ ਦੌਰਾਨ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ।