ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 2 ਨਵੰਬਰ
ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਅੱਜ ਐੱਸਪੀ ਪਲਵਿੰਦਰ ਸਿੰਘ ਚੀਮਾ ਅਤੇ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਸਮੇਤ ਪਿੰਡ ਉੱਭਾਵਾਲ ਦੇ ਇੱਕ ਖੇਤ ’ਚ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਖੁਦ ਬੁਝਾਈ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਸਬ-ਡਿਵੀਜ਼ਨਾਂ ਵਿੱਚ ਏਡੀਸੀ ਅਮਿਤ ਬੈਂਬੀ ਨੇ ਅੱਜ ਐੱਸਪੀ ਪਲਵਿੰਦਰ ਸਿੰਘ ਚੀਮਾ ਸਮੇਤ ਅਨੇਕਾਂ ਪਿੰਡਾਂ ਦੇ ਦੌਰੇ ਕੀਤੇ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਫਸਲਾਂ ਦੀ ਰਹਿੰਦ-ਖੂਹਦ ਨੂੰ ਮਿੱਟੀ ਵਿੱਚ ਹੀ ਰਲਾ ਦੇਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ। ਏਡੀਸੀ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਾਂ ਦੀਆਂ ਹੋਰ ਤਕਨੀਕਾਂ ਨੂੰ ਵੀ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ। ਸਬ-ਡਿਵੀਜ਼ਨ ਸੰਗਰੂਰ ਦੇ ਪਿੰਡ ਉਭਾਵਾਲ ਵਿੱਚ ਇੱਕ ਖੇਤ ਵਿੱਚ ਨਾੜ ਨੂੰ ਸਾੜਨ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਵਧੀਕ ਡਿਪਟੀ ਕਮਿਸ਼ਨਰ ਨੇ ਖੁਦ ਫਾਇਰ ਬ੍ਰਿਗੇਡ ਦੀ ਗੱਡੀ ਰਾਹੀਂ ਪਾਣੀ ਵਾਲੀ ਪਾਈਪ ਚੁੱਕ ਕੇ ਪਰਾਲੀ ’ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਵਾਤਾਵਰਨ ਅਤੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਸ ਰੁਝਾਨ ਨੂੰ ਮੁਕੰਮਲ ਤੌਰ ’ਤੇ ਰੋਕਣ ਦੀ ਲੋੜ ਹੈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਖਿਲਾਫ ਹੁਣ ਤੱਕ ਪੁਲੀਸ ਵੱਲੋਂ 80 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਪਰਾਲੀ ਸਾੜਨ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ਼ ਕੀਤੇ ਗਏ ਹਨ। ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਵੱਲੋਂ ਪਿੰਡ ਖੇੜੀ ਅਤੇ ਕੁਲਾਰ ਖੁਰਦ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ।
ਮੰਨਵੀ ਤੇ ਰਾਮਪੁਰ ਛੰਨਾ ਵਿੱਚ ਪਰਾਲੀ ਨੂੰ ਲੱਗੀ ਅੱਗ ਬੁਝਾਈ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਐੱਸਡੀਐੱਮ ਸੁਰਿੰਦਰ ਕੌਰ ਅਤੇ ਤਹਿਸੀਲਦਾਰ ਸ਼ੀਸ਼ਪਾਲ ਸਿੰਗਲਾ ਅਤੇ ਹੋਰ ਅਧਿਕਾਰੀਆਂ ਨਾਲ ਪਿੰਡ ਮੰਨਵੀ ਅਤੇ ਰਾਮਪੁਰ ਛੰਨਾ ਵਿੱਚ ਪਰਾਲੀ ਨੂੰ ਲੱਗੀ ਅੱਗ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਬੁਝਾਈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਿੰਡ ਧੀਰੋ ਮਾਜਰਾ, ਰੁੜਕੀ ਕਲਾਂ, ਰੁੜਕੀ ਖੁਰਦ, ਮੰਨਵੀ, ਦੋਲੋਵਾਲ, ਗੱਜਣਮਾਜਰਾ, ਚੰਦੂਰਾਈਆਂ, ਭੁਰਥਲਾ ਮੰਡੇਰ, ਰਾਮਪੁਰ ਛੰਨਾ ਆਦਿ ਪਿੰਡਾਂ ਦਾ ਦੌਰਾ ਕਰਕੇ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਅਤੇ ਸੁਪਰੀਮ ਕੋਰਟ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।
ਡੀਸੀ ਤੇ ਐੱਸਐੱਸਪੀ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਸਮੀਖਿਆ ਮੀਟਿੰਗ
ਪਟਿਆਲਾ (ਖੇਤਰੀ ਪ੍ਰਤੀਨਿਧ): ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਅੱਜ ਜ਼ਿਲ੍ਹੇ ਦੇ ਸਮੂਹ ਏਡੀਸੀਜ਼, ਐਸਪੀਜ਼, ਐਸਡੀਐਮਜ਼, ਡੀਐੱਸਪੀਜ਼ ਤੇ ਪਰਾਲੀ ਪ੍ਰਬੰਧਨ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਅਹਿਮ ਬੈਠਕ ਕੀਤੀ। ਮੀਟਿੰਗ ਦੌਰਾਨ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਵਾਢੀ ਤੇਜ਼ੀ ਨਾਲ ਹੋ ਰਹੀ ਹੈ ਤੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਮੁੱਚਾ ਪ੍ਰਸ਼ਾਸਨ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਦੇ ਹੋਏ ਕਿਸਾਨਾਂ ਨਾਲ ਰਾਬਤਾ ਬਣਾਉਂਦਿਆਂ ਉਪਲਬਧ ਮਸ਼ੀਨਰੀ ਦੀ ਪੂਰੀ ਸਮਰੱਥਾ ਨਾਲ ਵਰਤੋਂ ਯਕੀਨੀ ਬਣਾਏ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਤਾਇਨਾਤ ਵਿਲੇਜ਼ ਲੈਵਲ ਅਫ਼ਸਰ, ਕਲੱਸਟਰ ਤੇ ਨੋਡਲ ਅਫ਼ਸਰ ਪਿੰਡਾਂ ਵਿੱਚ ਪੂਰੀ ਸਰਗਰਮੀ ਨਾਲ ਹਾਜ਼ਰ ਰਹਿੰਦੇ ਹੋਏ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੂਚਨਾ ਤੁਰੰਤ ਰਿਪੋਰਟ ਕਰਨ।