ਗੁਰਨਾਮ ਸਿੰਘ ਚੌਹਾਨ
ਪਾਤੜਾਂ, 29 ਅਕਤੂਬਰ
ਕੋਆਪ੍ਰੇਟਿਵ ਸੁਸਾਇਟੀ ਸ਼ੁਤਰਾਣਾ ਦੀ ਪ੍ਰਧਾਨਗੀ ਦੀ ਚੋਣ ਸਮੇਂ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨਗੀ ਦੇ ਦਾਅਵੇਦਾਰ ਰਾਜ ਸਿੰਘ ਝੱਬਰ ਨੂੰ ਗ੍ਰਿਫ਼ਤਾਰ ਕਰਨ ਲਈ ਥਾਣਾ ਪਾਤੜਾਂ ਦੀ ਪੁਲੀਸ ਮੌਕੇ ਉੱਤੇ ਪਹੁੰਚ ਗਈ। ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦਾ ਅਕਾਲੀ ਦਲ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਵੱਲੋਂ ਵੱਡੀ ਪੱਧਰ ਉੱਤੇ ਵਿਰੋਧ ਕੀਤੇ ਜਾਣ ਮਗਰੋਂ ਰਾਜ ਸਿੰਘ ਝੱਬਰ ਵਲੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਤੇ ਕੋਆਪ੍ਰੇਟਿਵ ਸੁਸਾਇਟੀ ਸ਼ੁਤਰਾਣਾ ਦੇ ਪ੍ਰਧਾਨ ਅਕਾਲੀ ਦਲ ਦੇ ਆਗੂ ਸਤਨਾਮ ਸਿੰਘ ਨੂੰ ਚੁਣ ਲਏ ਜਾਣ ’ਤੇ ਕਾਂਗਰਸ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ। ਚੋਣ ਪ੍ਰਕਿਰਿਆ ਦੌਰਾਨ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਵਰਕਰਾਂ ਨੇ ਸਿਟੀ ਪੁਲੀਸ ਚੌਕੀ ਪਾਤੜਾਂ ਵਿਖੇ ਪਹੁੰਚ ਕੇ ਗੁੱਸੇ ਦਾ ਇਜ਼ਹਾਰ ਕੀਤਾ ਤੇ ਪੁਲੀਸ ਕਾਰਵਾਈ ਨੂੰ ਕਾਂਗਰਸ ਦੀ ਸ਼ਹਿ ਉਤੇ ਕੀਤੀ ਗਈ ਧੱਕੇਸ਼ਾਹੀ ਕਰਾਰ ਦਿੱਤਾ। ਅਕਾਲੀ ਆਗੂ ਤੇ ਸਾਬਕਾ ਸਰਪੰਚ ਭਗਵੰਤ ਸਿੰਘ, ਸੁਖਵਿੰਦਰ ਸਿੰਘ ਝੱਬਰ, ਸੇਵਾ ਸਿੰਘ ਸ਼ੁਤਰਾਣਾ, ਕੁਲਦੀਪ ਸਿੰਘ ਸਾਬਕਾ ਸਰਪੰਚ ਗੋਬਿੰਦਪੁਰਾ, ਜੰਗ ਸਿੰਘ ਸ਼ੁਤਰਾਣਾ ਪਲਵਿੰਦਰ ਸਿੰਘ ਮੋਨੀ, ਅਮਰੀਕ ਸਿੰਘ ਨੰਬਰਦਾਰ ਅਤੇ ਗੁਰਬਾਜ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੁਸਾਇਟੀ ਮੈਂਬਰਾਂ ਦੀ ਮੀਟਿੰਗ ਹੋਈ ਸੀ। ਪ੍ਰਧਾਨਗੀ ਲਈ ਚੋਣ ਵਿੱਚ ਅਕਾਲੀ ਦਲ ਦੇ ਆਗੂ ਰਾਜ ਸਿੰਘ ਝੱਬਰ ਦਾ ਬਹੁਸੰਮਤੀ ਨਾਲ ਪ੍ਰਧਾਨ ਚੁਣਿਆ ਜਾਣਾ ਤਹਿ ਸੀ ਪਰ ਕਾਂਗਰਸ ਦੀ ਸ਼ਹਿ ਉਤੇ ਪੁਲੀਸ ਨੇ ਚੱਲਦੀ ਹੋਈ ਚੋਣ ਪ੍ਰਕਿਰਿਆ ਦੌਰਾਨ ਪਹੁੰਚ ਕੇ ਲੋਕਤੰਤਰ ਦਾ ਘਾਣ ਕੀਤਾ ਹੈ। ਆਗੂਆਂ ਨੇ ਕਿਹਾ ਕਿ ਥੋੜ੍ਹੇ ਦਿਨਾਂ ਦੀ ਪ੍ਰਾਹੁਣੀ ਕਾਂਗਰਸ ਸਰਕਾਰ ਸੁਸਾਇਟੀ ਦੀ ਚੋਣ ਲਈ ਗ਼ਲਤ ਹੱਥਕੰਡਿਆਂ ਉਤੇ ਉਤਰ ਆਈ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਲੋਕ ਮੂੰਹ ਤੋੜ ਜਵਾਬ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਆਗੂ ਰਣਜੀਤ ਸਿੰਘ ਸ਼ਾਹੀ, ਦਵਿੰਦਰ ਸਿੰਘ ਗੋਗੀ, ਕੌਂਸਲਰ ਸੋਨੀ ਜਲੂਰ, ਕੁਲਦੀਪ ਸਿੰਘ ਰੱਲਣ ਆਦਿ ਹਾਜ਼ਰ ਸਨ।
ਝਗੜੇ ਸਬੰਧੀ ਕੇਸ ’ਚ ਝੱਬਰ ਨੂੰ ਗਿ੍ਫ਼ਤਾਰ ਕੀਤਾ: ਥਾਣਾ ਮੁਖੀ
ਥਾਣਾ ਪਾਤੜਾਂ ਦੇ ਮੁਖੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ ਇੱਕ ’ਚ ਹੋਏ ਝਗੜੇ ਸਬੰਧੀ ਕੇਸ ਦਰਜ ਹੋਇਆ ਸੀ। ਇਸ ਮਾਮਲੇ ਵਿਚ ਰਾਜ ਸਿੰਘ ਝੱਬਰ ਨੂੰ ਨਾਮਜ਼ਦ ਕੀਤੇ ਜਾਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਵਾਰ ਛਾਪੇ ਮਾਰੇ ਗਏ ਸੀ। ਚੋਣ ਪ੍ਰਕਿਰਿਆ ਦੌਰਾਨ ਉਸ ਦੀ ਵੋਟ ਦਾ ਇਸਤੇਮਾਲ ਕੀਤੇ ਜਾਣ ਮਗਰੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।