ਪਵਨ ਕੁਮਾਰ ਵਰਮਾ
ਧੂਰੀ, 12 ਸਤੰਬਰ
ਲੰਮੇ ਸਮੇਂ ਤੋਂ ਧੂਰੀ ਵਿਧਾਨ ਸਭਾ ਹਲਕੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਹਰਲਾ ਉਮੀਦਵਾਰ ਹੀ ਚੋਣ ਲੜਦਾ ਆ ਰਿਹਾ ਹੈ। ਇਸ ਵਾਰ ਹਰੀ ਸਿੰਘ ਪ੍ਰੀਤ ਦੇ ਚੋਣ ਲੜਨ ਦੇ ਇਨਕਾਰ ਤੋਂ ਬਾਅਦ ਹਲਕੇ ਦੇ ਵਰਕਰ ਅਤੇ ਅਹੁਦੇਦਾਰਾਂ ਵੱਲੋਂ ਹਲਕੇ ਦੇ ਉਮੀਦਵਾਰ ਨੂੰ ਹੀ ਉਮੀਦਵਾਰ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਇਥੋਂ ਦੇ ਪੈਲੇਸ ਵਿਚ ਮੀਟਿੰਗ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਕਾਤਰੋਂ, ਸ਼੍ਰੋਮਣੀ ਅਕਾਲੀ ਦਲ ਦੇ ਟਰਾਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਸਰਪੰਚ ਗਮਦੂਰ ਸਿੰਘ ਭਸੌੜ, ਧਰਮਿੰਦਰ ਸਿੰਘ ਕੌਲਸੇੜੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨਿਰਮਲਜੀਤ ਸਿੰਘ ਬਿੱਲੂ ਅਕਾਲੀ ਆਗੂ, ਅਕਾਲੀ ਆਗੂ ਦਵਿੰਦਰ ਸਿੰਘ ਧੂਰਾ ਤੇ ਪਰਮਿੰਦਰ ਸਿੰਘ ਪੇਧਨੀ ਸਾਬਕਾ ਸਰਪੰਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਹਲਕੇ ਤੋਂ ਹੀ ਅਕਾਲੀ ਆਗੂ ਜਾਂ ਵਰਕਰ ਨੂੰ ਪਾਰਟੀ ਟਿਕਟ ਦੇ ਕੇ ਨਿਵਾਜਣ। ਇਸ ਮੌਕੇ ਅਕਾਲੀ ਆਗੂਆਂ ਨੇ ਅਗਲੀ ਰਣਨੀਤੀ ਲਈ ਹਲਕੇ ਦੇ ਅਕਾਲੀ ਆਗੂਆਂ ਦੀ ਇਕ ਕਮੇਟੀ ਬਣਾਈ ਜਿਸ ਵਿੱਚ ਨਿਰਮਲਜੀਤ ਸਿੰਘ ਬੰਗਾਵਾਲੀ, ਸੁਰਜੀਤ ਸਿੰਘ ਖੇੜੀ ਜੱਟਾਂ, ਹਰਦੇਵ ਸਿੰਘ ਸਾਬਕਾ ਪ੍ਰਧਾਨ, ਹਰਜਿੰਦਰ ਸਿੰਘ ਬਿੱਲੂ, ਜੱਥੇਦਾਰ ਬਚਿੱਤਰ ਸਿੰਘ, ਜਸਪਾਲ ਸਿੰਘ ਕਲੇਰਾਂ, ਅਮਰ ਸਿੰਘ ਮੰਡੇਰ, ਜਗਰੂਪ ਸਿੰਘ ਚਾਂਗਲੀ, ਸੁਖਦੇਵ ਸਿੰਘ ਘਨੌਰ, ਨਿਰਭੈ ਸਿੰਘ ਰਣੀਕੇ ਆਦਿ ਸ਼ਾਮਲ ਹਨ।