ਸ਼ਾਹਬਾਜ਼ ਸਿੰਘ
ਘੱਗਾ, 5 ਜਨਵਰੀ
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਪਟਿਆਲਾ ’ਚ ਹਲਕਾ ਸ਼ੁਤਰਾਣਾ ਅੰਦਰ ਲਟਕੇ ਵਿਕਾਸ ਕਾਰਜਾਂ ਵਿਚ ਪਿੰਡ ਕਲਵਾਣੂ ਦਾ ਭਾਖੜਾ ਪੁਲ ਸੜਕ ਹਾਦਸਿਆਂ ਦਾ ਕਾਰਨ ਬਣ ਚੁਕਾ ਹੈ ਅਤੇ ਇਲਾਕੇ ਦੇ ਲੋਕਾਂ ਵੱਲੋਂ ਆਵਾਜ਼ ਚੁੱਕੇ ਜਾਣ ਦੇ ਬਾਵਜੂਦ ਕਿਸੇ ਸਰਕਾਰੀ ਅਧਿਕਾਰੀ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ ਤੇ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਲੰਘ ਰਹੇ ਹਨ।
ਲੰਘੀ ਕੱਲ ਵੀ ਇਸ ਪੁਲ ਕੋਲ ਤੰਗ ਰਸਤੇ ਤੋਂ ਇਕ ਕਾਰ ਸੂਏ ਵਿਚ ਲਟਕ ਗਈ, ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਇਕੱਤਰ ਹੋ ਕੇ ਬਾਹਰ ਕੱਢਿਆ ਅਤੇ ਕਾਰ ਸਵਾਰਾਂ ਦੀ ਜਾਨ ਬਚਾਈ। ਜ਼ਿਕਰਯੋਗ ਹੈ ਕਿ ਭਾਖੜਾ ਮੇਨ ਲਾਈਨ ਦੇ ਇਸ ਪੁਲ ਦਾ ਸਟੀਲ ਢਾਂਚਾ ਕਾਫੀ ਦੇਰ ਤੋਂ ਤਿਆਰ ਕੀਤਾ ਹੋਇਆ ਹੈ ਪਰ ਸਥਾਪਤ ਨਾ ਹੋਣ ਕਾਰਨ ਇਸ ਪੁਲ ਦੇ ਲੋਹੇ ਨੂੰ ਜੰਗਾਲ ਲੱਗ ਰਿਹਾ ਹੈ।
ਲੋਕਾਂ ਨੇ ਦੱਸਿਆ ਕਿ ਇਸ ਪੁਲ ਨੂੰ ਤਿਆਰ ਹੁੰਦਿਆਂ ਦੋ ਸਾਲ ਦਾ ਸਮਾਂ ਹੋ ਗਿਆ ਹੈ ਪਰ ਹੁਣ ਇਕ ਸਾਲ ਤੋਂ ਪੁਲ ਦਾ ਕੰਮ ਠੱਪ ਪਿਆ ਹੈ।
ਇਸ ਸਬੰਧੀ ਹਲਕਾ ਸ਼ੁਤਰਾਣਾ ਦੇ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਦੱਸਿਆ ਕਿ ਭਾਖੜਾ ਪੁਲ ਦਾ ਕੰਮ ਲਟਕਿਆ ਜ਼ਰੂਰ ਪਿਆ ਹੈ ਪਰ ਇਹ ਕੰਮ ਜਲਦ ਸਿਰੇ ਚੜ੍ਹ ਜਾਵੇਗਾ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।