ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜਨਵਰੀ
ਭੇਤਭਰੀ ਹਾਲਤ ’ਚ ਲਾਪਤਾ ਹੋਏ ਘਰ ਘਰ ਜਾ ਕੇ ਕੂੜਾ ਇਕੱਠਾ ਕਰਨ ਵਾਲ਼ੇ ਨੌਜਵਾਨ ਦੀ ਲਾਸ਼ 45 ਘੰਟਿਆਂ ਮਗਰੋਂ ਸਥਾਨਕ ਬਾਰਾਂਦਰੀ ਵਿਚਲੇ ਇੱਕ ਘਰ ਵਿਚ ਹੌਦੀ ਵਜੋਂ ਵਰਤੇ ਜਾ ਰਹੇ ਡੂੰਘੇ ਇਕ ਪੁਰਾਣੇ ਖੂਹ ਵਿਚੋਂ ਮਿਲੀ। ਸਬੰਧਤ ਘਰ ਦਾ ਸਾਰਾ ਪਾਣੀ ਇਸ ਖੂਹ ਵਿਚ ਹੀ ਸੁੱਟਿਆ ਜਾਂਦਾ ਹੈ। ਇਥੇ ਸਨੌਰੀ ਅੱਡਾ ਖੇਤਰ ‘ਚ ਰਹਿੰਦਾ ਯੂ.ਪੀ ਦਾ ਮੂਲ ਨਿਵਾਸੀ 35 ਸਾਲਾ ਆਯੂਸ਼ ਚਾਰ ਬੱਚਿਆਂ ਦਾ ਪਿਤਾ ਸੀ।
ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਉਹ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚੋਂ ਰਿਕਸ਼ਾ ਰੇਹੜੀ ਰਾਹੀਂ ਕੂੜਾ ਇਕੱਠਾ ਕਰਨ ਦਾ ਕੰਮ ਕਰਦਾ ਸੀ। ਉਹ 11 ਜਨਵਰੀ ਜਦੋਂ ਘਰ ਨਾ ਪਰਤਿਆ, ਤਾਂ ਪਰਿਵਾਰਕ ਮੈਂਬਰਾਂ ਦੀ ਉਸ ਦੀ ਤਲਾਸ਼ ਕਰਦਿਆਂ ਸਾਰੀ ਰਾਤ ਲੰਘ ਗਈ। ਅਖੀਰ ਪਰਿਵਾਰ ਨੂੰ ਆਯੂਸ਼ ਦੀ ਰਿਕਸ਼ਾ ਰੇਹੜੀ ਇਥੇ ਬਾਰਾਂਦਰੀ ਵਿਚੋਂ ਮਿਲੀ। ਪੁੱਛ ਪੜਤਤਾਲ ਕਰਦਿਆਂ, ਉਹ ਆਖਰ ਇਸ ਖੂਹ ਵਾਲ਼ੇ ਘਰ ’ਚ ਪੁੱਜ ਗਏ। ਖੂਹ ਵਾਲੇ ਘਰ ਦੇ ਮਾਲਕਾਂ ਦੀ ਚੁੱਪ ਵੀ ਭੇਤ ਬਣ ਹੋਈ ਹੈ।
ਭਾਵੇਂ ਕਿ ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਤਾਂ ਪੁਸ਼ਟੀ ਨਹੀਂ ਹੋ ਸਕੀ, ਪਰ ਕਿਹਾ ਜਾ ਰਿਹਾ ਹੈ ਕਿ ਆਯੂਸ਼ ਇਸ ਘਰ ’ਚ ਜਦੋਂ ਸਫਾਈ ਕਰਨ ਗਿਆ, ਤਾਂ ਹੁਣ ਹੌਦੀ ਵਜੋਂ ਵਰਤੇ ਜਾ ਰਹੇ ਇਸ ਡੂੰਘੇ ਖੂਹ ’ਚ ਜਾ ਡਿੱਗਾ। ਉਂਜ ਇਸ ਖੂਹ ਦੇ ਉਪਰ ਮਜ਼ਬੂਤ ਲੈਂਟਰ ਪਾਇਆ ਹੋਇਆ ਹੈ ਤੇ ਸਾਫ਼ ਸਫ਼ਾਈ ਆਦਿ ਵਾਸਤੇ ਇੱਕ ਪਾਸੇ ਰੱਖੇ ਰਸਤੇ ’ਤੇ ਢੱਕਣ ਵੀ ਲਾਇਆ ਹੋਇਆ ਹੈ। ਲੋਹੜੀ ਵਾਲੇ ਦਿਨ ਲਾਸ਼ ਮਿਲਣ ਕਾਰਨ ਨਵੀਂ ਚਰਚਾ ਛਿੜ ਗਈ ਹੈ।