ਪੱਤਰ ਪ੍ਰੇਰਕ
ਪਟਿਆਲਾ, 15 ਮਾਰਚ
ਪੰਜਾਬ ਸਰਕਾਰ ਦੇ ਸੰਭਾਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਟਕੜ ਕਲਾਂ ’ਚ ਭਲਕੇ ਹੋ ਰਹੇ ਸਹੁੰ ਚੁੱਕ ਸਮਾਗਮ ਵਿੱਚ ਪਟਿਆਲਾ ਸ਼ਹਿਰੀ ਤੇ ਦਿਹਾਤੀ ਹਲਕਿਆਂ ਤੋਂ ਬੱਸਾਂ ਅਤੇ ਕਾਫ਼ਲੇ ਲਿਜਾਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇੱਥੇ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਕੱਲ੍ਹ ਪੰਜਾਬ ਦੇ ਇਤਿਹਾਸ ਦਾ ਬਹੁਤ ਵੱਡਾ ਦਿਨ ਹੈ ਜਿਸ ਦਿਨ ਆਮ ਕਿਸਾਨ ਪਰਿਵਾਰ ਦਾ ਪੁੱਤ ਪੰਜਾਬ ਦੇ ਮੁੱਖ ਮੰਤਰੀ ਦੀ ਸਹੁੰ ਚੁੱਕੇਗਾ। ਅਜੀਤਪਾਲ ਸਿੰਘ ਅਤੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਅੱਜ ਕੱਲ੍ਹ ਨੂੰ ਬੱਸਾਂ ਤੇ ਕਾਰਾਂ ਦੇ ਕਾਫ਼ਲੇ ਭੇਜਣ ਸਬੰਧੀ ਡਿਊਟੀਆਂ ਲਗਾ ਰਹੇ ਸਨ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ,‘ਸਾਡੇ ਮੁੱਖ ਮੰਤਰੀ ਵੱਲੋਂ ਲਗਾਈਆਂ ਡਿਊਟੀਆਂ ਦੇ ਮੱਦੇਨਜ਼ਰ ਅਸੀਂ ਕੱਲ੍ਹ ਨੂੰ ਬਸੰਤੀ ਰੰਗ ਦੀਆਂ ਪੱਗਾਂ ਤੇ ਦੁਪੱਟੇ ਸਜਾ ਕੇ ਸਮਾਗਮ ਵਿੱਚ ਜਾਵਾਂਗੇ ਅਤੇ 20 ਬੱਸਾਂ ਤੇ 70 ਕਾਰਾਂ ਦਾ ਕਾਫ਼ਲਾ ਲਿਜਾਇਆ ਜਾਵੇਗਾ। ਇਸੇ ਤਰ੍ਹਾਂ ਡਾ. ਬਲਬੀਰ ਸਿੰਘ ਨੇ ਕਿਹਾ,‘/ ਸਾਡੇ ਹਲਕੇ ਵਿਚ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ, ਇਸ ਕਰਕੇ ਅਸੀਂ ਪਟਿਆਲਾ ਦਿਹਾਤੀ ਤੋਂ 30 ਬੱਸਾਂ ਅਤੇ 100 ਕਾਰਾਂ ਦਾ ਕਾਫ਼ਲਾ ਲੈ ਕੇ ਜਾ ਰਹੇ ਹਾਂ। ਇਹ ਦਿਨ ਸਾਡੇ ਲਈ ਬਹੁਤ ਵੱਡਾ ਦਿਨ ਹੈ, ਕੱਲ੍ਹ ਤੋਂ ਬਾਅਦ ਪੰਜਾਬ ਵਿਚ ਨਵਾਂ ਯੁੱਗ ਸ਼ੁਰੂ ਹੋਵੇਗਾ।