ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਅਗਸਤ
ਪਿੰਡ ਭੂਤਗੜ੍ਹ ਦੇ ਨੌਜਵਾਨ ਉੱਤੇ ਸ਼ਨੀਵਾਰ ਸ਼ਾਮ ਨੂੰ ਸ਼ਹਿਰ ਦੇ ਚੁਨਾਗਰਾ ਰੋਡ ਉੱਤੇ ਕਿਰਚ ਨਾਲ ਹੋਏ ਕਾਤਲਾਨਾ ਹਮਲੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਜ਼ਖ਼ਮੀ ਨੌਜਵਾਨ ਦਾ ਕਰੋਨਾਵਾਇਰਸ ਦਾ ਸੈਂਪਲ ਲਿਆ ਗਿਆ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸਦੀ ਮੌਤ ਮਗਰੋਂ ਰਿਪੋਰਟ ਪਾਜ਼਼ੇਟਿਵ ਆਉਣ ’ਤੇ ਅੰਤਿਮ ਸਸਕਾਰ ਕਰਨ ਲਈ ਪਿੰਡ ਪਹੁੰਚੀ ਸਿਹਤ ਵਿਭਾਗ ਦੀ ਟੀਮ ਤੇ ਪੁਲੀਸ ਕਰਮਚਾਰੀਆਂ ਨੂੰ ਪਿੰਡ ਦੇ ਲੋਕਾਂ ਨੇ ਸ਼ਮਸ਼ਾਨਘਾਟ ਵਿੱਚ ਘੇਰ ਲਿਆ। ਜਿਸ ਮਗਰੋਂ ਅਜੀਬੋ ਗਰੀਬ ਸਥਿਤੀ ਪੈਦਾ ਹੋ ਗਈ ਅਤੇ ਦੇਖਦੇ ਹੀ ਦੇਖਦਿਆਂ ਪਿੰਡ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਤੇ ਨਾਇਬ ਤਹਿਸੀਲਦਾਰ ਰਾਜਵਿੰਦਰ ਸਿੰਘ ਧਨੋਆ ਦੀ ਅਗਵਾਈ ਹੇਠ ਪ੍ਰਸ਼ਾਸਨ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਵੱਡੀ ਗਿਣਤੀ ’ਚ ਇਕੱਤਰ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਦਰਮਿਆਨ ਹੋਏ ਸਮਝੌਤੇ ਮਗਰੋਂ ਮ੍ਰਿਤਕ ਨੌਜਵਾਨ ਦਾ ਦੇਰ ਸ਼ਾਮ ਅੰਤਿਮ ਸੰਸਕਾਰ ਕੀਤਾ ਜਾ ਸਕਿਆ। ਮ੍ਰਿਤਕ ਨੌਜਵਾਨ ਦੇ ਵਾਰਸ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਸਨ। ਡੀਐੱਸਪੀ ਪਾਤੜਾਂ ਭਰਪੂਰ ਸਿੰਘ ਨੇ ਦੱਸਿਆ ਕਿ ਕਾਤਲਾਨਾ ਹਮਲੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਦਾ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਦੌਰਾਨ ਕਰੋਨਾਵਾਇਰਸ ਦਾ ਸੈਂਪਲ ਲਿਆ ਗਿਆ ਸੀ। ਉਸ ਦੀ ਮੌਤ ਹੋ ਜਾਣ ’ਤੇ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਨਿਯਮਾਂ ਮੁਤਾਬਕ ਸਿਹਤ ਵਿਭਾਗ ਦੀ ਟੀਮ ਜਦੋਂ ਪਿੰਡ ’ਚ ਉਸ ਦਾ ਸਸਕਾਰ ਕਰਨ ਲਈ ਪਹੁੰਚੀ ਤਾਂ ਪਿੰਡ ਦੇ ਲੋਕਾਂ ਵਿੱਚ ਭਰਮ ਪੈਦਾ ਹੋ ਗਿਆ ਕਿ ਮ੍ਰਿਤਕ ਨੌਜਵਾਨ ਨੂੰ ਕਰੋਨਾਵਾਇਰਸ ਦੇ ਖਾਤੇ ’ਚ ਪਾਉਣ ਦੀ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਜਿਸ ਮਗਰੋਂ ਲੋਕਾਂ ਨੇ ਸਸਕਾਰ ਰੋਕ ਦਿੱਤਾ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਮਝਾਉਣ ਮਗਰੋਂ ਮ੍ਰਿਤਕ ਦੇ ਵਾਰਸ ਸਸਕਾਰ ਲਈ ਸਹਿਮਤ ਹੋਏ। ਉਨ੍ਹਾਂ ਦੱਸਿਆ ਕਿ ਪਿੰਡ ਭੂਤਗੜ੍ਹ ਦੇ ਨੌਜਵਾਨ ਅਮਨਦੀਪ ਸਿੰਘ ’ਤੇ ਸ਼ਨੀਵਾਰ ਨੂੰ ਪਾਤੜਾਂ ’ਚ ਕਾਤਲਾਨਾ ਹਮਲਾ ਕੀਤਾ ਗਿਆ ਸੀ ਜਿਸ ਸਬੰਧੀ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ’ਚ ਇਰਾਦਾ ਕਤਲ ਦੀਆਂ ਧਰਾਵਾਂ ਦਾ ਵਾਧਾ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਮਾਮਲੇ ਦੀ ਪੜਤਾਲ ਕਰਕੇ ਬਾਕੀ ਮੁਲਜ਼ਮਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।