ਪੁਲੀਸ ਨੂੰ ਕਾਰਵਾਈ ਕਰਨ ਲਈ ਦਿੱਤਾ ਇਕ ਹਫ਼ਤੇ ਦਾ ਅਲਟੀਮੇਟਮ
ਬੀਰਬਲ ਰਿਸ਼ੀ
ਸ਼ੇਰਪੁਰ, 12 ਸਤੰਬਰ
ਫਤਿਹਗੜ੍ਹ ਪੰਜਗਰਾਈਆਂ ਦੀ ਪੰਚਾਇਤ ਨੇ ਪਿੰਡ ਵਾਸੀਆਂ ਸਮੇਤ ਥਾਣਾ ਸ਼ੇਰਪੁਰ ਪਹੁੰਚ ਕੇ ਵਿਲੱਖਣ ਪਹਿਲਕਦਮੀ ਕਰਦਿਆਂ ਜਿੱਥੇ ਕਸਬੇ ’ਚ ਵੱਡੀ ਪੱਧਰ ’ਤੇ ਚਿੱਟਾ ਵਿਕਣ ਦਾ ਖੁਲਾਸਾ ਕੀਤਾ ਉੱਥੇ ਪੁਲੀਸ ਕੋਲ ਨਸ਼ਾ ਵੇਚਣ ਵਾਲਿਆਂ ਦੇ ਲਿਖਤੀ ਤੌਰ ’ਤੇ ਨਾਮ ਨਸ਼ਰ ਵੀ ਕਰ ਦਿੱਤੇ। ਇਸ ਮਗਰੋਂ ਉਨ੍ਹਾਂ ਪੁਲੀਸ ਨੂੰ ਕਾਰਵਾਈ ਲਈ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਸਰਪੰਚ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਤਰਸੇਮ ਸਿੰਘ, ਅਮ੍ਰਿਤ ਸਿੰਘ (ਸਾਰੇ ਪੰਚ) ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਈਸ਼ਰਪਾਲ ਸਿੰਘ ਨੇ ਥਾਣਾ ਸ਼ੇਰਪੁਰ ਵਿਖੇ ਪੁੱਜੇ ਅਤੇ ਮੀਡੀਆ ਕਰਮੀਆਂ ਕੋਲ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿੰਡ ਵਿੱਚ ਕੁਝ ਨੌਜਵਾਨ ਪਹਿਲਾਂ ਹੀ ਨਸ਼ੇ ਦੇ ਭੇਟ ਚੜ੍ਹ ਚੁੱਕੇ ਹਨ। ਆਗੂਆਂ ਅਨੁਸਾਰ ਅੱਜ ਸਵੇਰੇ ਪਿੰਡ ਦੇ ਵੱਡੇ ਦਰਵਾਜ਼ੇ ’ਤੇ ਜਨਤਕ ਇਕੱਠ ਕੀਤਾ ਗਿਆ ਜਿਸ ਵਿੱਚ ਚਿੱਟੇ ਦੇ ਆਦੀ ਚਾਰ ਨੌਜਵਾਨਾਂ ਨੇ ਖੁਦ ਪਹਿਲਕਦਮੀ ਕਰਦਿਆਂ ਚਿੱਟਾ ਪੀਣ ਤੋਂ ਤੌਬਾ ਕੀਤੀ ਅਤੇ ਉਨ੍ਹਾਂ ਨੂੰ ਨਸ਼ਾ ਮੁਹੱਈਆ ਕਰਵਾਉਣ ਵਾਲੇ ਦੋ ਪਰਿਵਾਰਾਂ ਦਾ ਨਾਮ ਪੁਲੀਸ ਕੋਲ ਲਿਖਤੀ ਤੌਰ ’ਤੇ ਨਸ਼ਰ ਕੀਤਾ। ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਅੱਜ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਆਪਣੀ ਤਸੱਲੀ ਲਈ ਨਸ਼ਾ ਲੈਣ ਭੇਜਿਆ ਤਾਂ ਉਨ੍ਹਾਂ ਸ਼ੇਰਪੁਰ ਤੋਂ ਚਾਰ ਸੌ ਰੁਪਏ ਵਿੱਚ ਮਹਿਜ਼ ਸਰ੍ਹੋਂ ਦੇ ਦਾਣੇ ਜਿੰਨਾ ਚਿੱਟਾ ਲਿਆਕੇ ਵਿਖਾਇਆ। ਪੰਚਾਇਤੀ ਨੁੰਮਾਇੰਦਿਆਂ ਨਾਲ ਲੰਬੀ ਮੀਟਿੰਗ ਕਰਨ ਮਗਰੋਂ ਥਾਣੇ ਦੇ ਗੇਟ ’ਤੇ ਰੋਸ ਪ੍ਰਗਟ ਕਰ ਰਹੇ ਲੋਕਾਂ ਤੋਂ ਮੰਗ ਪੱਤਰ ਲੈਣ ਪੁੱਜੇ ਐੱਸਐੱਚਓ ਸ਼ੇਰਪੁਰ ਨੇ ਕੋਈ ਠੋਸ ਕਾਰਵਾਈ ਕਰਨ ਦਾ ਭਰੋਸਾ ਦੇਣ ਦੀ ਥਾਂ ਮੀਡੀਆ ਕਰਮੀਆਂ ਨੂੰ ਮਹਿਜ਼ ਐਨਾ ਹੀ ਕਿਹਾ ਕਿ ਉਹ ਹਾਲੇ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਰਹੇ ਹਨ।
‘ਨਸ਼ੇੜੀ ਪੁੱਤਰਾਂ ਨੂੰ ਮਜਬੂਰਨ ਸੰਗਲਾਂ ਨਾਲ ਬੰਨ੍ਹਣਾ ਪੈਂਦਾ ਹੈ’
ਪੰਜਗਰਾਈਆਂ ਦੇ ਇੱਕ ਵਿਅਕਤੀ ਨੇ ਗੱਚ ਭਰਦਿਆਂ ਦੱਸਿਆ ਉਸ ਦੇ ਤਿੰਨ ਮੁੰਡੇ ਹਨ ਜਿਨ੍ਹਾਂ ਵਿੱਚੋਂ ਦੋ ਸ਼ੇਰਪੁਰ ਤੋਂ ਲਿਜਾ ਕੇ ਚਿੱਟਾ ਪੀਂਦੇ ਹਨ ਅਤੇ ਘਰ ਦੇ ਸਾਰਾ ਕੀਮਤੀ ਸਾਮਾਨ ਵੇਚ ਚੁੱਕੇ ਹਨ ਅਤੇ ਚਿੱਟੇ ਦਾ ਨਸ਼ਾ ਕਰਕੇ ਹਿੰਸਕ ਹੁੰਦੇ ਆਪਣੇ ਪੁੱਤਰਾਂ ਨੂੰ ਦੇਖ ਕੇ ਪੈਰਾਂ ਨੂੰ ਮਜਬੂਰੀਵਸ਼ ਸੰਗਲ ਲਗਾਉਣੇ ਪੈਂਦੇ ਹਨ। ਕੁਝ ਨੌਜਵਾਨਾਂ ਨੇ ਐਸਟੀਐਫ਼ ਦੇ ਮੁਖੀ ਕੋਲੋਂ ਸ਼ੇਰਪੁਰ ਪੁਲੀਸ ਦੇ ਕੁਝ ਮੁਲਾਜ਼ਮਾਂ ਦੇ ਮੋਬਾਈਲ ਫੋਨਾਂ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਕਰਨ ’ਤੇ ਯਕੀਨਨ ਹੈਰਾਨੀਜਨਕ ਖੁਲਾਸੇ ਹੋਣਗੇ।
ਉਧਰ ਪੁਲੀਸ ਵੱਲੋਂ ਸ਼ੇਰਪੁਰ ਦੀ ਵਿਸ਼ੇਸ਼ ਬਸਤੀ ਵਿੱਚ ਘੁੰਮ ਰਹੇ 7 ਵਿਆਕਤੀਆਂ ਦੇ ਮੋਟਰਸਾਈਕਲ ਜ਼ਬਤ ਕੀਤੇ ਅਤੇ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਕਾਰਵਾਈ ਕਰ ਰਹੇ ਹਨ ਜਿਸ ਤੋਂ ਬਾਅਦ ਗੱਲ ਕਰ ਸਕਣਗੇ। ਯਾਦ ਰਹੇ ਕਿ ਇੱਕ ਵਾਰ ਪਹਿਲਾਂ ਵੀ ਚਿੱਟਾ ਵਿਕਣ ’ਚ ਬਦਨਾਮ ਹੋਏ ਸ਼ੇਰਪੁਰ ਦੇ ਇੱਕ ਐਸਐਚਓ ਸਮੇਤ ਅੱਧੀ ਦਰਜਨ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਸਾਰਾ ਸਟਾਫ਼ ਬਦਲ ਦਿੱਤਾ ਸੀ।
ਸਰਪੰਚ ਗੁਰਪ੍ਰੀਤ ਸਿੰਘ ਪੰਜਗਰਾਈਆਂ ਤੇ ਹੋਰ ਐੱਸਐੱਚਓ ਸ਼ੇਰਪੁਰ ਨੂੰ ਮੰਗ ਪੱਤਰ ਦਿੰਦੇ ਹੋਏ। ਫੋਟੋ: ਰਿਸ਼ੀ