ਗੁਰਨਾਮ ਸਿੰਘ ਚੌਹਾਨ
ਪਾਤੜਾਂ 14 ਅਕਤੂਬਰ
ਸ਼ਹਿਰ ਵਿੱਚ ਭੀੜ ਭੜੱਕੇ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਕੌਂਸਲ ਪਾਤੜਾਂ ਵੱਲੋਂ ਸ਼ਹਿਰ ਦੇ ਜਾਖਲ ਰੋਡ ਉਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਨਾਲ ਨਾਲ ਦੁਕਾਨਾਂ ਦੇ ਬਾਹਰ ਰੱਖਿਆ ਵਾਧੂ ਸਾਮਾਨ ਅਤੇ ਬਿਜਲੀ ਦੇ ਖੰਭਿਆਂ ਉੱਤੇ ਲਗਾਏ ਗਏ ਫਲੈਕਸ ਬੋਰਡ ਉਤਾਰੇ ਗਏ। ਨਗਰ ਕੌਂਸਲ ਪਾਤੜਾਂ ਦੀ ਕਾਰਜਸਾਧਕ ਅਫ਼ਸਰ ਬਲਜਿੰਦਰ ਕੌਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਬਾਜ਼ਾਰਾਂ ਵਿੱਚ ਆਮ ਲੋਕਾਂ ਦੀ ਆਵਾਜਾਈ ਵਿੱਚ ਭਾਰੀ ਵਾਧਾ ਹੋ ਜਾਂਦਾ ਹੈ ਜਿਸ ਕਾਰਨ ਆਉਣ ਜਾਣ ਵਾਲੇ ਰਾਹੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਕੌਂਸਲ ਵੱਲੋਂ ਕਬਜ਼ੇ ਛੁਡਾਉਣ ਦੀ ਚਲਾਈ ਗਈ ਮੁਹਿੰਮ ਤਹਿਤ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਤੋਂ ਜਾਖ਼ਲ ਰੋਡ ’ਤੇ ਜਿੱਥੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਦੇ ਬਾਹਰ ਰੱਖਿਆ ਵਾਧੂ ਸਾਮਾਨ ਚੁਕਵਾਇਆ ਗਿਆ ਹੈ ਉੱਥੇ ਦੁਕਾਨਦਾਰਾਂ ਵੱਲੋਂ ਵਰਤੇ ਜਾ ਰਹੇ ਪਾਬੰਦੀਸ਼ੁਦਾ ਪੋਲੀਥੀਨ ਦੇ ਲਿਫਾਫੇ ਵੀ ਦੁਕਾਨਾਂ ਉੱਤੋਂ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਨਾਜਾਇਜ਼ ਕਬਜ਼ੇ ਛੁਡਾਉਣ ਸਬੰਧੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਇਸ ਮੌਕੇ ਤਾਰਾ ਚੰਦ, ਰਾਮ ਸਿੰਘ ਅਤੇ ਅਤੁਲ ਕੁਮਾਰ ਹਾਜ਼ਰ ਸਨ।