ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਜੁਲਾਈ
ਨਗਰ ਨਿਗਮ ਪਟਿਆਲਾ ਵੱਲੋਂ ਸ਼ਾਹੀ ਸ਼ਹਿਰ ਦੇ ਸਾਰੇ ਪਾਰਕਾਂ ਦਾ ਨਵੀਨੀਕਰਨ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਲੋੜੀਂਦੀ ਮੁਰੰਮਤ ਤੋਂ ਇਲਾਵਾ ਟੀ.ਪੀ. ਸਕੀਮਾਂ ਵਿੱਚ ਆਊਂਦੇ ਪਾਰਕਾਂ ਦਾ ਵਿਕਾਸ ਵੀ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਮੇਅਰ ਸੰਜੀਵ ਬਿੱਟੂ ਨੇ ਦਿੱਤੀ। ਉਹ ਸ੍ਰੀ ਕੇਦਾਰ ਨਾਥ ਮੰਦਰ ਤੋਂ ਮਥੁਰਾ ਕਲੋਨੀ ਤੱਕ ਦੀ ਸੜਕ ਕੱਢੇ ਪਈ ਨਿਗਮ ਦੀ ਜ਼ਮੀਨ ’ਤੇ ਨਵਾਂ ਪਾਰਕ ਬਣਾਉਣ ਤੋਂ ਪਹਿਲਾਂ ਇੱਥੋਂ ਦਾ ਦੌਰਾ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਰੇਖਾ ਅਗਰਵਾਲ ਅਤੇ ਉਨ੍ਹਾਂ ਦੇ ਪਤੀ ਹਰੀਸ਼ ਅਗਰਵਾਲ ਵੀ ਮੌਜੂਦ ਸਨ।
ਮੇਅਰ ਨੇ ਕਿਹਾ ਕਿ 1500 ਗਜ ਜ਼ਮੀਨ ’ਤੇ ਇਹ ਪਾਰਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਖੇਤਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਹਦਾਇਤ ਕੀਤੀ ਕਿ ਜਗਦੀਸ਼ ਕਲੋਨੀ ਵਿੱਚ ਪਹਿਲਾਂ ਤੋਂ ਸਥਿਤ ਪਾਰਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਇਸ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਉਨ੍ਹਾਂ ਜਗਦੀਸ਼ ਕਲੋਨੀ ਦੇ ਕਪੂਰ ਚੌਕ ਵਿੱਚ ਸੀਵਰ ਦੀ ਨਵੀਂ ਲਾਈਨ ਪਾਉਣ ਤੋਂ ਬਾਅਦ ਖਰਾਬ ਹੋਈ ਸੜਕ ਦਾ ਕੰਮ ਛੇਤੀ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ 113 ਪਾਰਕਾਂ ਦੇ ਵਿਕਾਸ ਜਾਂ ਮੁਰੰਮਤ ਲਈ ਪਹਿਲੇ ਪੜਾਅ ਵਿੱਚ ਤਿੰਨ ਕਰੋੜ ਖਰਚ ਕੀਤੇ ਜਾਣਗੇ। ਪਾਰਕਾਂ ਨੂੰ ਵੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਵੱਲੋਂ ਜਾਰੀ ਕੀਤੀ ਗ੍ਰਾਂਟ ਨਾਲ ਮੁੜ ਸੁਰਜੀਤ ਕੀਤਾ ਜਾਵੇਗਾ। 113 ਪਾਰਕਾਂ ਦੀ ਸੂਚੀ ਵਿਚ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਬੀ-ਟੈਂਕ ਪਾਰਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੇਅਰ ਅਨੁਸਾਰ ਸਾਰੇ 113 ਪਾਰਕਾਂ ਦੇ ਲੱਖ 63 ਹਜ਼ਾਰ 48 ਵਰਗ ਮੀਟਰ ਪਾਰਕਾਂ ਦੇ ਰਕਬੇ ਦੀ ਸੁੰਦਰੀਕਰਨ ਦਾ ਕੰਮ ਕੀਤਾ ਜਾਣਾ ਹੈ। ਪਾਰਕਾਂ ਦੇ ਨਵੀਨੀਕਰਨ ਦਾ ਕੰਮ ਬੱਸ ਅੱਡੇ ਨੇੜੇ ਸਥਿਤ ਨਹਿਰੂ ਪਾਰਕ ਤੋਂ ਸ਼ੁਰੂ ਹੋਇਆ ਹੈ। ਇਸ ਪਾਰਕ ਨੂੰ ਸੁੰਦਰ ਬਣਾਉਣ ਲਈ 80 ਲੱਖ ਖਰਚ ਹੋਣਗੇ ਜਿਸ ਨਾਲ ਕਾਂਗਰਸੀ ਆਗੂ ਰਾਜੇਸ਼ ਪਾਇਲਟ ਦੇ ਸਟੈਚੂ ਵਾਲੇ ਪਾਰਕ, ਆਰੀਆ ਸਮਾਜ ਦਾ ਟੈਂਕੀ ਵਾਲਾ ਪਾਰਕ, ਮਾਸਟਰ ਤਾਰਾ ਸਿੰਘ ਪਾਰਕ, ਕਰਤਾਰ ਪਾਰਕ ਕਲੋਨੀ, ਰਤਨ ਨਗਰ, ਆਨੰਦ ਨਗਰ-ਏ, ਤ੍ਰਿਪੜੀ ਟੈਂਕੀ ਵਾਲਾ ਪਾਰਕ, ਨਿਊ ਮੇਹਰ ਸਿੰਘ ਕਲੋਨੀ ਪਾਰਕ, ਇੰਦਰਾ ਕਲੋਨੀ ਪਾਰਕ, ਗ੍ਰੀਨ ਪਾਰਕ ਕਲੋਨੀ ਪਾਰਕਾਂ ਨੂੰ ਸ਼ਾਮਲ ਕੀਤਾ ਹੈ। ਮਥੁਰਾ ਕਲੋਨੀ ਤੇ ਸ਼ੀਸ਼ ਮਹਿਲ ਕਲੋਨੀ ਰੋਡ ਦੇ ਪਾਰਕਾਂ ਨਾਲ ਸ਼ਹਿਰ ਨੂੰ ਨਿਗਮ ਹੋਰ ਗ੍ਰੀਨ ਬਣਾਉਣ ਦੇ ਕੰਮ ਨੂੰ ਅੱਗੇ ਵਧਾਏਗਾ।